ਨਵੀਂ ਦਿੱਲੀ, 7 ਜੁਲਾਈ
ਸੰਸਦੀ ਸਟੈਂਡਿੰਗ ਕਮੇਟੀ ਦੀਆਂ ਬੈਠਕਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਇੱਕ-ਦੂਜੇ ਤੋਂ ਛੇ ਫੁੱਟ ਦੀ ਦੂਰੀ ’ਤੇ ਬੈਠਣਾ ਪਵੇਗਾ ਅਤੇ ਸਬੰਧਤ ਮੰਤਰਾਲੇ ਦੇ ਦੋ ਤੋਂ ਵੱਧ ਗਵਾਹ ਇੱਕੋ ਸਮੇਂ ’ਤੇ ਪੇਸ਼ ਨਹੀਂ ਹੋ ਸਕਣਗੇ।
ਇਹ ਨੇਮ ਰਾਜ ਸਭਾ ਸਕੱਤਰੇਤ ਦੇ ਅੱਠ-ਨੁਕਤਿਆਂ ਦੇ ਪ੍ਰੋਟੋਕੋਲ ਹਿੱਸਾ ਹਨ, ਜੋ ਕਿ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਸਟੈਂਡਿੰਗ ਕਮੇਟੀ ਦੀਆਂ ਵਿਗਿਆਨ ਤੇ ਤਕਨਾਲੋਜੀ ਅਤੇ ਗ੍ਰਹਿ ਮਾਮਲਿਆਂ ਬਾਰੇ ਬੈਠਕਾਂ ਕ੍ਰਮਵਾਰ 10 ਜੁਲਾਈ ਅਤੇ 15 ਜੁਲਾਈ ਲਈ ਨਿਰਧਾਰਿਤ ਹਨ। ਪਹਿਲਾਂ ਗ੍ਰਹਿ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ, ਜਿਸ ਦੇ ਚੇਅਰਮੈਨ ਆਨੰਦ ਸ਼ਰਮਾ ਸਨ, ਦੀ ਬੈਠਕ 3 ਜੂਨ ਨੂੰ ਸੱਦੀ ਗਈ ਸੀ ਪਰ ਊਸ ਬੈਠਕ ਨੂੰ ਰੱਦ ਕਰਨਾ ਪਿਆ ਸੀ ਕਿਉਂਕਿ ਮੈਂਬਰਾਂ ਨੇ ਮਹਾਮਾਰੀ ਦੀ ਸਥਿਤੀ ਕਾਰਨ ਪੈਦਾ ਹੋਏ ਹਾਲਾਤ ਕਰਕੇ ਬੈਠਕ ਵਿੱਚ ਸ਼ਮੂਲੀਅਤ ਤੋਂ ਅਸਮਰੱਥਾ ਜ਼ਾਹਰ ਕੀਤੀ ਸੀ। ਸਫ਼ਰ ਅਤੇ ਏਕਾਂਤਵਾਸ ਪਾਬੰਦੀਆਂ ਦੇ ਚੱਲਦਿਆਂ ਮੈਂਬਰਾਂ ਨੂੰ ਪੈਨਲ ਬੈਠਕਾਂ ਵਿੱਚ ਸ਼ਮੂਲੀਅਤ ਸਬੰਧੀ ਆ ਰਹੀਆਂ ਮੁਸ਼ਕਲਾਂ ਦੌਰਾਨ ਵਿਗਿਆਨ ਤੇ ਤਕਨਾਲੋਜੀ, ਵਾਤਾਵਰਣ ਤੇ ਜਲਵਾਯੂ ਤਬਦੀਲੀ ਬਾਰੇ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਅਤੇ ਕਾਂਗਰਸ ਆਗੂ ਜੈਰਾਮ ਰਮੇਸ਼ ਵਲੋਂ ਰਾਜ ਸਭਾ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੂੰ ਬੈਠਕ ਵਿੱਚ ਮੈਂਬਰਾਂ ਨੂੰ ਵਰਚੁਅਲ ਸ਼ਮੂਲੀਅਤ ਦੀ ਆਗਿਆ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ।
ਸੂਤਰਾਂ ਅਨੁਸਾਰ ਲੋਕ ਸਭਾ ਅਤੇ ਰਾਜ ਸਭਾ ਦੇ ਦੋ ਪ੍ਰੀਜ਼ਾਈਡਿੰਗ ਅਫਸਰਾਂ ਨੇ ਪਹਿਲਾਂ ਵਰਚੁਅਲ ਪੈਨਲ ਬੈਠਕਾਂ ਸੱਦੇ ਜਾਣ ਦੇ ਮੁੱਦੇ ’ਤੇ ਚਰਚਾ ਕੀਤੀ ਸੀ ਪ੍ਰੰਤੂ ਊਨ੍ਹਾਂ ਨੇ ਮੌਜੂਦਾ ਨਿਯਮਾਂ ਕਰਕੇ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ। ਮੌਜੂਦਾ ਨਿਯਮਾਂ ਵਿੱਚ ਤਬਦੀਲੀ ਲਈ ਸੰਸਦ ਦੀ ਰੂਲਜ਼ ਕਮੇਟੀ ਵਲੋਂ ਤਬਦੀਲੀ ਅਤੇ ਸਦਨ ਦੇ ਮਤੇ ਦੀ ਲੋੜ ਹੁੰਦੀ ਹੈ।
ਹੁਣ ਦੋਵੇਂ ਬੈਠਕਾਂ ਤੋਂ ਪਹਿਲਾਂ ਅਧਿਕਾਰੀਆਂ ਨੇ ਇਸ ਮੁੱਦੇ ’ਤੇ ਚਰਚਾ ਮਗਰੋਂ ਪ੍ਰੋਟੋਕੋਲ ਐਲਾਨਿਆ। ਨਵੇਂ ਪ੍ਰੋਟੋਕੋਲ ਅਨੁਸਾਰ ਕਮੇਟੀ ਮੈਂਬਰਾਂ ਦੀਆਂ ਸੀਟਾਂ ਇੱਕ-ਦੂਜੇ ਤੋਂ ਛੇ-ਛੇ ਫੁੱਟ ਦੀ ਦੂਰੀ ’ਤੇ ਹੋਣਗੀਆਂ। ਮੰਤਰਾਲੇ/ਵਿਭਾਗ ਦੇ ਕੇਵਲ ਦੋ ਗਵਾਹ ਇੱਕ ਸਮੇਂ ’ਤੇ ਕਮੇਟੀ ਸਾਹਮਣੇ ਪੇਸ਼ ਹੋਣਗੇ। ਹੋਰ ਗਵਾਹਾਂ ਤੋਂ ਪੁੱਛ-ਪੜਤਾਲ ਦੀ ਲੋੜ ਪੈਣ ’ਤੇ ਊਨ੍ਹਾਂ ਨੂੰ ਵਾਰੀ ਨਾਲ ਬੁਲਾਇਆ ਜਾਵੇਗਾ। ਬੈਠਕਾਂ ਸਬੰਧੀ ਲੋੜੀਂਦੀ ਸਮੱਗਰੀ ਮੈਂਬਰਾਂ ਨੂੰ ਸਾਫਟ ਕਾਪੀ ਵਜੋਂ ਮੁਹੱਈਆ ਕਰਵਾਈ ਜਾਵੇਗੀ।
ਪੱਤਰਕਾਰਾਂ ਨੂੰ ਕਮੇਟੀ ਰੂਮਜ਼ ਦੇ ਵੈੱਲ ਵਿੱਚ ਬਿਠਾਇਆ ਜਾਵੇਗਾ। ਕਮੇਟੀ ਨਾਲ ਸਬੰਧਤ ਅਧਿਕਾਰੀਆਂ ਦੀ ਸ਼ਮੂਲੀਅਤ ਸੀਮਤ ਹੋਵੇਗੀ ਅਤੇ ਮੈਂਬਰਾਂ ਦੀ ਸ਼ਮੂਲੀਅਤ ਬਾਰੇ ਪਹਿਲਾਂ ਹੀ ਤੈਅ ਕਰ ਲਿਆ ਜਾਵੇਗਾ ਤਾਂ ਜੋ ਲੋੜੀਂਦੇ ਪ੍ਰਬੰਧ ਕੀਤਾ ਜਾ ਸਕਣ। ਸੂਤਰਾਂ ਅਨੁਸਾਰ ਕਮੇਟੀ ਰੂਮਜ਼ ਦੇ ਦਾਖ਼ਲੇ ’ਤੇ ਮੈਂਬਰਾਂ, ਗਵਾਹਾਂ, ਅਧਿਕਾਰੀਆਂ, ਸਟਾਫ ਨੂੰ ਸੈਨੇਟਾਈਜ਼ਰ, ਮਾਸਕ, ਦਸਤਾਨੇ ਆਦਿ ਯਕੀਨੀ ਬਣਾਏ ਜਾਣਗੇ।
-ਪੀਟੀਆਈ