ਜੌਨਪੁਰ(ਯੂਪੀ: ਕਰੋਨਾ ਕਰ ਕੇ ਲੋਕਾਂ ’ਚ ਦਹਿਸ਼ਤ ਇਸ ਕਦਰ ਵਧ ਗਈ ਹੈ ਕਿ ਯੂਪੀ ਵਿੱਚ 70 ਸਾਲਾ ਬਜ਼ੁਰਗ ਨੂੰ ਆਪਣੀ ਪਤਨੀ, ਜਿਸ ਦੀ ਕੋਵਿਡ-19 ਕਰਕੇ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਨੂੰ ਆਪਣੀ ਸਾਈਕਲ ’ਤੇ ਲੱਦ ਕੇ ਸ਼ਮਸ਼ਾਨਘਾਟ ਲਿਜਾਣਾ ਪਿਆ। ਵਾਇਰਸ ਦੀ ਲਾਗ ਚਿੰਬੜਨ ਦੇ ਡਰੋਂ ਪਿੰਡ ਦਾ ਇਕ ਵੀ ਵਿਅਕਤੀ ਇਸ ਬਜ਼ੁਰਗ ਦੀ ਮਦਦ ਲਈ ਅੱਗੇ ਨਹੀਂ ਆਇਆ। ਇਹ ਘਟਨਾ ਜੌਨਪੁਰ ਜ਼ਿਲ੍ਹੇ ਦੇ ਪਿੰਡ ਅੰਬਰਪੁਰ ਦੀ ਹੈ, ਜਿਸ ਦੀ ਦਿਲ ਦਹਿਲਾਉਣ ਵਾਲੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਹਨ। ਇਕ ਤਸਵੀਰ ’ਚ ਤਿਲਕਧਾਰੀ ਬਜ਼ੁਰਗ ਆਪਣੀ ਸਾਈਕਲ ’ਤੇ ਮ੍ਰਿਤਕ ਦੇਹ ਲਿਜਾਂਦਾ ਨਜ਼ਰ ਆ ਰਿਹਾ ਹੈ। ਦੂਜੀ ਤਸਵੀਰ ਵਿੱਚ ਬਜ਼ੁਰਗ ਸੜਕ ਕੰਢੇ ਬੇਬੱਸ ਤੇ ਲਾਚਾਰ ਬੈਠਾ ਹੈ ਤੇ ਮ੍ਰਿਤਕ ਦੇਹ ਉਸ ਦੇ ਡਿੱਗਦੇ ਸਾਈਕਲ ਨਾਲ ਬੰਨ੍ਹੀ ਹੈ। ਪੁਲੀਸ ਨੇ ਕਿਹਾ ਕਿ ਤਿਲਕਧਾਰੀ ਦੀ ਪਤਨੀ 26 ਅਪਰੈਲ ਨੂੰ ਦਮ ਤੋੜ ਗਈ ਸੀ ਤੇ ਮ੍ਰਿਤਕ ਦੇਹ ਐਂਬੂਲੈਂਸ ਰਾਹੀਂ ਪਿੰਡ ਭੇਜ ਦਿੱਤੀ। ਪਰ ਪਿੰਡ ਵਾਸੀਆਂ ਨੇ ਬਜ਼ੁਰਗ ਦੀ ਇਹ ਕਹਿੰਦਿਆਂ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਕਿ ਕਿਤੇ ਉਨ੍ਹਾਂ ਨੂੰ ਵੀ ਕਰੋਨਾ ਦੀ ਲਾਗ ਨਾ ਚਿੰਬੜ ਜਾਵੇ। -ਪੀਟੀਆਈ