ਜੰਮੂ/ਸ੍ਰੀਨਗਰ:
ਜੰਮੂ ਕਸ਼ਮੀਰ ਵਿਚ 18 ਸਤੰਬਰ ਨੂੰ ਪਹਿਲੇ ਗੇੜ ਦੀ ਪੋਲਿੰਗ ਲਈ ਅੱਜ ਚੋਣ ਪ੍ਰਚਾਰ ਸਮਾਪਤ ਹੋ ਗਿਆ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਬੁੱਧਵਾਰ ਨੂੰ ਪਹਿਲੇ ਗੇੜ ਤਹਿਤ 24 ਸੀਟਾਂ ਲਈ ਵੋਟਾਂ ਪੈਣਗੀਆਂ। ਚੋਣ ਪ੍ਰਚਾਰ ਦੇ ਆਖਰੀ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਦੋ ਤੇ ਚੰਦਰਕੋਟ ਵਿੱਚ ਤੀਜੀ ਰੈਲੀ ਨੂੰ ਸੰਬੋਧਨ ਕੀਤਾ। ਜੰਮੂ ਕਸ਼ਮੀਰ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਵੱਧ ਤੋਂ ਵੱਧ ਲੋਕ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣ। ਆਈਜੀਪੀ ਕਸ਼ਮੀਰ ਜ਼ੋਨ ਵੀਕੇ ਬਿਰਦੀ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸੀਏਪੀਐੱਫ, ਜੰਮੂ ਕਸ਼ਮੀਰ ਆਰਮਡ ਪੁਲੀਸ ਤੇ ਜੰਮੂ ਕਸ਼ਮੀਰ ਪੁਲੀਸ ਦੀ ਤਿੰਨ ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਧਾਰਾ 370 ਮਨਸੂਖ ਕੀਤੇ ਜਾਣ ਤੇ ਜੰਮੂ ਕਸ਼ਮੀਰ ਦੇ ਪੁਨਰਗਠਨ ਮਗਰੋਂ ਇਹ ਪਹਿਲੀਆਂ ਅਸੈਂਬਲੀ ਚੋਣਾਂ ਹਨ। -ਪੀਟੀਆਈ