ਨਵੀਂ ਦਿੱਲੀ, 10 ਜਨਵਰੀ
ਪੰਜ ਰਾਜਾਂ ਵਿਚ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ ਨਫ਼ਰਤ ਨੂੰ ਹਰਾਉਣ ਦਾ ਸਹੀ ਮੌਕਾ ਹਨ। ਰਾਹੁਲ ਨੇ ਟਵੀਟ ਕਰ ਕੇ ਲੋਕਾਂ ਨੂੰ ਵੋਟਾਂ ਪਾ ਕੇ ਨਫ਼ਰਤ ਨੂੰ ਹਰਾਉਣ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਕਾਂਗਰਸ ਨਫ਼ਰਤ ਫੈਲਾਉਣ ਵਾਲੀਆਂ ਮੁਹਿੰਮਾਂ ਦੀ ਆਲੋਚਨਾ ਕਰਦੀ ਰਹੀ ਹੈ ਤੇ ਇਸ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਕਾਂਗਰਸ ਪਾਰਟੀ ਨੇ ਟਵੀਟ ਕੀਤਾ, ‘ਬਹੁਤ ਹੋ ਗਿਆ। ਭਾਜਪਾ ਦੀ ਨਫ਼ਰਤ ਦੀ ਫੈਕਟਰੀ ਨੂੰ ਪੂਰੇ ਮੁਲਕ ਸਾਹਮਣੇ ਲਿਆਉਣ ਦੀ ਲੋੜ ਹੈ ਤੇ ਇਹ ਦੱਸਣ ਦੀ ਲੋੜ ਹੈ ਕਿ ਇਸ ਨੇ ਕਿਸ ਹੱਦ ਤੱਕ ਸਾਡੇ ਸਮਾਜ ਦਾ ਨੁਕਸਾਨ ਕੀਤਾ ਹੈ।’ ਪਾਰਟੀ ਨੇ ਕਈ ਟਵੀਟ ਕੀਤੇ ਤੇ ਲਿਖਿਆ, ‘ਲਿੰਗ, ਧਰਮ, ਖੇਤਰ, ਅਹੁਦੇ ਆਦਿ ਦੇ ਅਧਾਰ ਉਤੇ ਲੋਕਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾ ਦੀ ਨਫ਼ਰਤੀ ਫੈਕਟਰੀ ਨੇ ਲੋਕਾਂ ਦੀ ਨਿੱਜਤਾ ਖ਼ਤਮ ਕਰ ਦਿੱਤੀ ਹੈ। ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਹੈ।’ ਉਨ੍ਹਾਂ ਕਿਹਾ ਕਿ ਜੇਕਰ ਕੋਈ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ‘ਟੇਕ ਫੌਗ’ ਜਿਹੀਆਂ ਐਪਸ ਰਾਹੀਂ ਘੇਰਿਆ ਜਾਂਦਾ ਹੈ। -ਆਈਏਐੱਨਐੱਸ