ਮੁੰਬਈ, 10 ਨਵੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 20 ਨਵੰਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਧਿਰ ਮਹਾ ਵਿਕਾਸ ਅਘਾੜੀ (ਐੱਮਵੀਏ) ਲਈ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ 9 ਤੋਂ 16 ਸਾਲ ਦੀ ਉਮਰ ਦੀਆਂ ਲੜਕੀਆਂ ਲਈ ਮੁਫਤ ਸਰਵਾਈਕਲ ਕੈਂਸਰ ਦੀ ਵੈਕਸੀਨ ਮੁਹੱਈਆ ਕਰਵਾਉਣ ਅਤੇ ਮਾਹਵਾਰੀ ਦੌਰਾਨ ਮਹਿਲਾ ਕਰਮਚਾਰੀਆਂ ਲਈ ਦੋ ਬਦਲਵੀਆਂ ਛੁੱਟੀਆਂ ਦੇਣ ਦਾ ਵਾਅਦਾ ਕੀਤਾ ਹੈ। ਇਸ ਦੌਰਾਨ ਐਨਸੀਪੀ (ਐੱਸਪੀ) ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੈ ਰਾਉਤ ਵੀ ਮੌਜੂਦ ਸਨ। ਵਿਰੋਧੀ ਗੱਠਜੋੜ ਨੇ ਇਸ ਮਨੋਰਥ ਪੱਤਰ ਨੂੰ ‘ਮਹਾਰਾਸ਼ਟਰਨਾਮਾ’ ਦਾ ਨਾਮ ਦਿੱਤਾ ਹੈ। ਇਸ ਵਿੱਚ ਜਾਤੀ ਅਧਾਰਤ ਜਨਗਣਨਾ, ਸਵੈ-ਸਹਾਇਤਾ ਗਰੁੱਪਾਂ ਦੇ ਸ਼ਕਤੀਕਰਨ ਲਈ ਇੱਕ ਵੱਖਰੇ ਵਿਭਾਗ ਦੀ ਸਥਾਪਨਾ, ਬਾਲ ਭਲਾਈ ਲਈ ਇੱਕ ਵੱਖਰੇ ਮੰਤਰਾਲੇ ਦਾ ਗਠਨ ਅਤੇ ਮਹਿਲਾਵਾਂ ਨੂੰ ਹਰ ਸਾਲ 500 ਰੁਪਏ ਵਿੱਚ ਛੇ ਰਸੋਈ ਗੈਸ ਸਿਲੰਡਰ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਦੌਰਾਨ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ‘ਨਿਰਭੈਅ ਮਹਾਰਾਸ਼ਟਰ’ ਨੀਤੀ ਬਣਾਉਣ ਅਤੇ ਸ਼ਕਤੀ ਕਾਨੂੰਨ ਲਾਗੂ ਕਰਨ ਦਾ ਵਾਅਦਾ ਵੀ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਐੱਮਵੀਏ ਦੀ ਸਰਕਾਰ ਬਣਨ ਮਗਰੋਂ 18 ਸਾਲ ਦੀ ਉਮਰ ਪੂਰੀ ਹੋਣ ’ਤੇ ਲੜਕੀਆਂ ਨੂੰ 1-1 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਦੇ 3 ਲੱਖ ਰੁਪਏ ਤੱਕ ਦੇ ਕਰਜ਼ੇ ਮੁਆਫ ਕੀਤੇ ਜਾਣਗੇ। ਸੱਤਾਧਾਰੀ ਮਹਾਯੁਤੀ ਦੀ ਨਿਖੇਧੀ ਕਰਨ ਤੋਂ ਬਾਅਦ ਐੱਮਵੀਏ ਵੱਲੋਂ ਵੀ ਉਸੇ ਤਰ੍ਹਾਂ ਦੇ ਕੀਤੇ ਗਏ ਵਾਅਦਿਆਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਖੜਗੇ ਨੇ ਕਿਹਾ, ‘ਸਾਡੀ ਸਰਕਾਰ ਬਣਾਓ ਅਤੇ ਅਸੀਂ ਤੁਹਾਨੂੰ ਬਜਟ ਵੀ ਦੇਵਾਂਗੇ।’’ -ਪੀਟੀਆਈ
‘ਲਾਲ ਕਿਤਾਬ’ ਦੀ ਤੁਲਨਾ ਸ਼ਹਿਰੀ ਨਕਸਲਵਾਦ ਨਾਲ ਕਰਨ ਦੀ ਖੜਗੇ ਵੱਲੋਂ ਨਿਖੇਧੀ
ਮੁੰਬਈ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਸੰਵਿਧਾਨ ਦੀ ‘ਲਾਲ ਕਿਤਾਬ’ ਦੀ ਤੁਲਨਾ ‘ਸ਼ਹਿਰੀ ਨਕਸਲਵਾਦ’ ਨਾਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਮੋਦੀ ਨੇ 2017 ’ਚ ਤਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇਸੇ ਤਰ੍ਹਾਂ ਦੀ ਕਾਪੀ ਦਿੱਤੀ ਸੀ। ਐੱਮਵੀਏ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਬਾਅਦ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਜਾਤੀ ਜਨਗਣਨਾ ਕਰਵਾਉਣ ਦੀ ਮੰਗ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਨਹੀਂ ਸਗੋਂ ਇਹ ਸਮਝਣ ਲਈ ਹੈ ਕਿ ਵੱਖ-ਵੱਖ ਭਾਈਚਾਰਿਆਂ ਦੇ ਮੌਜੂਦਾ ਹਾਲਾਤ ਕਿਹੋ ਜਿਹੇ ਹਨ ਤਾਂ ਜੋਂ ਉਨ੍ਹਾਂ ਨੂੰ ਹੋਰ ਲਾਭ ਦਿੱਤੇ ਜਾ ਸਕਣ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਾਲ ਹੀ ’ਚ ਦੋਸ਼ ਲਾਇਆ ਸੀ ਕਿ ਰਾਹੁਲ ਗਾਂਧੀ ਹੱਥ ਵਿੱਚ ‘ਲਾਲ ਕਿਤਾਬ’ ਦਿਖਾ ਕੇ ‘ਸ਼ਹਿਰੀ ਨਕਸਲੀਆਂ’ ਤੇ ‘ਅਰਾਜਕਤਾਵਾਦੀਆਂ’ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਖੜਗੇ ਨੇ ਕਿਹਾ ਕਿ ‘ਲਾਲ ਕਿਤਾਬ’ ਦੀ ਵਰਤੋਂ ਸਿਰਫ ਹਵਾਲੇ ਲਈ ਕੀਤੀ ਗਈ ਹੈ।