ਨਵੀਂ ਦਿੱਲੀ, 19 ਸਤੰਬਰ
ਅਗਲੇ ਮਹੀਨੇ ਹੋਣ ਵਾਲੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਮੁੱਖ ਮੁਕਾਬਲਾ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਰਮਿਆਨ ਹੋਣ ਦੇ ਆਸਾਰ ਹਨ। ਥਰੂਰ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਸੂਤਰਾਂ ਮੁਤਾਬਕ ਸ੍ਰੀਮਤੀ ਗਾਂਧੀ ਨੇ ਥਰੂਰ ਨੂੰ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਲਈ ਹਰੀ ਝੰਡੀ ਦੇ ਦਿੱਤੀ ਹੈ। ਸੋਨੀਆ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਹ ਇਨ੍ਹਾਂ ਚੋਣਾਂ ਦੌਰਾਨ ‘ਨਿਰਪੱਖ’ ਰਹਿਣਗੇੇ। ਪਾਰਟੀ ਵਿਚਲੇ ਸੂਤਰਾਂ ਦੀ ਮੰਨੀਏ ਤਾਂ ਗਾਂਧੀ ਪਰਿਵਾਰ ਦੇ ਅਤਿ ਨਜ਼ਦੀਕੀ ਅਸ਼ੋਕ ਗਹਿਲੋਤ ਨੂੰ ਥਰੂਰ ਦੇ ਮੁਕਾਬਲੇ ਵਿੱਚ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਗਹਿਲੋਤ 26 ਸਤੰਬਰ ਨੂੰ ਆਪਣੇ ਨਾਮਜ਼ਦਗੀ ਦਾਖ਼ਲ ਕਰਨਗੇ। ਉਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਾਰਟੀ ਪ੍ਰਧਾਨ ਲਈ ਆਪਣੀ ਉਮੀਦਵਾਰੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਹ ਚੋਣ ਲੜਨ ਵਾਸਤੇ ਰਾਹੁਲ ਗਾਂਧੀ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ।