ਨਵੀਂ ਦਿੱਲੀ, 1 ਅਕਤੂਬਰ
ਕਾਂਗਰਸ ਪ੍ਰਧਾਨ ਦੀ ਚੋਣ ’ਚ ਹੁਣ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ। ਝਾਰਖੰਡ ਦੇ ਸਾਬਕਾ ਮੰਤਰੀ ਕੇ ਐੱਨ ਤ੍ਰਿਪਾਠੀ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ਮਗਰੋਂ ਹੁਣ ਪ੍ਰਧਾਨਗੀ ਦੀ ਦੌੜ ’ਚ ਖੜਗੇ ਅਤੇ ਥਰੂਰ ਹੀ ਰਹਿ ਗਏ ਹਨ। ਉਂਜ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ 8 ਅਕਤੂਬਰ ਹੈ ਅਤੇ ਉਸ ਦਿਨ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਹੋਵੇਗੀ। ਇਥੇ ਕਾਂਗਰਸ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਕੁੱਲ 20 ਨਾਮਜ਼ਦਗੀਆਂ ਮਿਲੀਆਂ ਸਨ। ਇਨ੍ਹਾਂ ’ਚੋਂ ਚਾਰ ਕਾਗਜ਼ ਦਸਤਖ਼ਤ ਰਿਪੀਟ ਹੋਣ ਜਾਂ ਨਾ ਮਿਲਣ ਕਾਰਨ ਰੱਦ ਹੋ ਗਏ ਸਨ। ਖੜਗੇ ਨੇ 14, ਥਰੂਰ ਨੇ ਪੰਜ ਅਤੇ ਤ੍ਰਿਪਾਠੀ ਨੇ ਇਕ ਫਾਰਮ ਜਮ੍ਹਾਂ ਕਰਵਾਏ ਸਨ। ਮਿਸਤਰੀ ਨੇ ਕਿਹਾ ਕਿ ਝਾਰਖੰਡ ਤੋਂ ਉਮੀਮਦਾਰ ਦਾ ਫਾਰਮ ਰੱਦ ਹੋ ਗਿਆ ਹੈ ਜਿਸ ਕਾਰਨ ਮੈਦਾਨ ’ਚ ਹੁਣ ਦੋ ਉਮੀਦਵਾਰ ਖੜਗੇ ਅਤੇ ਥਰੂਰ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ 8 ਅਕਤੂਬਰ ਤੱਕ ਦੋਵੇਂ ਉਮੀਦਵਾਰਾਂ ’ਚੋਂ ਕਿਸੇ ਨੇ ਵੀ ਨਾਮ ਵਾਪਸ ਨਾ ਲਿਆ ਤਾਂ ਵੋਟਾਂ ਪੈਣਗੀਆਂ। -ਪੀਟੀਆਈ
ਖੜਗੇ ਨੇ ਰਾਜ ਸਭਾਵਿੱਚੋਂ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫ਼ਾ ਦਿੱਤਾ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਇਕ ਦਿਨ ਬਾਅਦ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਨੇ ਕਿਹਾ ਕਿ ਖੜਗੇ ਦਾ ਅਸਤੀਫ਼ਾ ਪਾਰਟੀ ਦੇ ‘ਇਕ ਵਿਅਕਤੀ, ਇਕ ਅਹੁਦਾ’ ਦੇ ਸਿਧਾਂਤ ਮੁਤਾਬਕ ਹੈ ਜਿਸ ਦਾ ਮਈ ’ਚ ਉਦੈਪੁਰ ਚਿੰਤਨ ਸ਼ਿਵਿਰ ਦੌਰਾਨ ਐਲਾਨ ਕੀਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਖੜਗੇ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਬੀਤੀ ਰਾਤ ਅਸਤੀਫ਼ਾ ਭੇਜ ਦਿੱਤਾ ਸੀ। ਸਮਝਿਆ ਜਾ ਰਿਹਾ ਹੈ ਕਿ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਦੀ ਦੌੜ ’ਚ ਹੁਣ ਸੀਨੀਅਰ ਆਗੂ ਪੀ ਚਿਦੰਬਰਮ ਅਤੇ ਦਿਗਵਿਜੈ ਸਿੰਘ ਆ ਗਏ ਹਨ। -ਪੀਟੀਆਈ
ਗਾਂਧੀ ਪਰਿਵਾਰ ਦਾ ਕੋਈ ਉਮੀਦਵਾਰ ਨਹੀਂ: ਥਰੂਰ
ਨਾਗਪੁਰ: ਕਾਂਗਰਸ ਦੇ ਸੰਸਦ ਮੈਂਬਰ ਅਤੇ ਪਾਰਟੀ ਪ੍ਰਧਾਨ ਦੀ ਚੋਣ ਲੜ ਰਹੇ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਉਸ ਨੂੰ ਗਾਂਧੀ ਪਰਿਵਾਰ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਕੋਈ ਉਮੀਦਵਾਰ ਪ੍ਰਧਾਨਗੀ ਦੀ ਚੋਣ ਨਹੀਂ ਲੜ ਰਿਹਾ ਹੈ ਅਤੇ ਉਹ ਨਿਰਪੱਖ ਰਹਿਣਗੇ। ਪਾਰਟੀ ਪ੍ਰਧਾਨ ਦੀ ਚੋਣ ਲਈ ਮਹਾਰਾਸ਼ਟਰ ’ਚ ਦੀਕਸ਼ਾਭੂਮੀ ਯਾਦਗਾਰ ਤੋਂ ਥਰੂਰ ਨੇ ਪ੍ਰਚਾਰ ਮੁਹਿੰਮ ਆਰੰਭੀ। ਥਰੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨਾਲ ਮਿਲੇ ਸਨ। ‘ਉਨ੍ਹਾਂ ਵਾਰ ਵਾਰ ਮੈਨੂੰ ਇਹ ਗੱਲ ਆਖੀ ਹੈ ਕਿ ਪਾਰਟੀ ਪ੍ਰਧਾਨ ਦੀ ਚੋਣ ’ਚ ਉਨ੍ਹਾਂ ਦਾ ਕੋਈ ਚਹੇਤਾ ਉਮੀਦਵਾਰ ਨਹੀਂ ਹੈ। ਉਹ ਨਿਰਪੱਖ ਚੋਣਾਂ ਚਾਹੁੰਦੇ ਹਨ।’ ਥਰੂਰ ਨੇ ਕਿਹਾ ਕਿ ਗਾਂਧੀ ਪਰਿਵਾਰ ਪਾਰਟੀ ਦੀ ਮਜ਼ਬੂਤੀ ਚਾਹੁੰਦਾ ਹੈ ਅਤੇ ਜਦੋਂ ਪਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਇਸ ਬਾਰੇ ਭਰੋਸਾ ਦਿੱਤਾ ਤਾਂ ਕੋਈ ਸ਼ੱਕ ਨਹੀਂ ਰਿਹਾ। -ਪੀਟੀਆਈ