ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਅਫ਼ਗਾਨਿਸਤਾਨ ਦੇ 11 ਸਿੱਖ ਕਾਬੁਲ ਦੇ ਇੱਕ ਗੁਰਦੁਆਰੇ ’ਤੇ ਹੋਏ ਹਮਲੇ ’ਚ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਥੀਆਂ ਲੈ ਕੇ ਅੱਜ ਭਾਰਤ ਪਹੁੰਚ ਗਏ ਹਨ। ਉਨ੍ਹਾਂ ਦੇ ਆਉਣ ਲਈ ਭਾਰਤ ਸਰਕਾਰ ਨਾਲ ਤਾਲਮੇਲ ਕਰ ਰਹੇ ਲੋਕਾਂ ਇਹ ਜਾਣਕਾਰੀ ਦਿੱਤੀ। ਸਰਕਾਰ ਨੇ 19 ਜੂਨ ਨੂੰ ਅਫ਼ਗਾਨਿਸਤਾਨ ਦੇ 111 ਹਿੰਦੂਆਂ ਤੇ ਸਿੱਖਾਂ ਨੂੰ ਐਮਰਜੈਂਸੀ ਵੀਜ਼ਾ ਦਿੱਤਾ ਸੀ। ਇਹ ਕਦਮ ਉਸ ਸਮੇਂ ਚੁੱਕਿਆ ਗਿਆ ਸੀ ਜਦੋਂ ਅਫ਼ਗਾਨਿਸਤਾਨ ’ਚ ਗੁਰਦੁਆਰਾ ਕਰਤੇ ਪਰਵਾਨ ’ਤੇ ਹੋਏ ਦਹਿਸ਼ਤੀ ਹਮਲੇ ’ਚ ਸਵਿੰਦਰ ਸਿੰਘ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਸੀ। ਸਵਿੰਦਰ ਸਿੰਘ ਕਾਬੁਲ ’ਚ ਦੁਕਾਨ ਕਰਦਾ ਸੀ ਤੇ ਗੁਰਦੁਆਰੇ ’ਚ ਰਹਿੰਦਾ ਸੀ।
ਉਸ ਦਾ ਪਰਿਵਾਰ ਦਿੱਲੀ ’ਚ ਰਹਿੰਦਾ ਹੈ। ਸੰਸਦ ਮੈਂਬਰ ਤੇ ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਕਾਬੁਲ ਵਿੱਚ ਫਸੇ ਬਾਕੀ 164 ਵਿੱਚੋਂ 11 ਅਫ਼ਗਾਨ ਸਿੱਖ ਦਿੱਲੀ ਪਹੁੰਚ ਗਏ ਹਨ। ਉਹ ਅਤਿਵਾਦੀ ਹਮਲੇ ’ਚ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਥੀਆਂ ਵੀ ਲਿਆਏ। ਸ੍ਰੀ ਸਾਹਨੀ ਨੇ ਕਿਹਾ ਕਿ ਉਹ ਕਾਬੁਲ ਵਿਚਲੇ ਸਾਰੇ ਸਿੱਖਾਂ ਦੇ ਸੰਪਰਕ ਵਿੱਚ ਹਨ ਤੇ ਉਨ੍ਹਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਲਈ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਦੂਤਾਵਾਸ ਨੇ ਤਾਲਿਬਾਨ ਨਾਲ ਗੱਲਬਾਤ ਤੋਂ ਬਾਅਦ ਕਾਬੁਲ ਵਿੱਚ ਆਪਣਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। ਸ੍ਰੀ ਸਾਹਨੀ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਬਾਕੀ ਦੇ ਰਹਿੰਦੇ 58 ਵੀਜ਼ੇ ਤੁਰੰਤ ਜਾਰੀ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਪਿਛਲੇ ਦੋ ਸਾਲਾਂ ਤੋਂ ਪਹਿਲਾਂ ਹੀ ਚੱਲ ਰਹੇ ਪ੍ਰੋਗਰਾਮ ‘ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ’ ਤਹਿਤ ਬਾਕੀ ਅਫ਼ਗਾਨ ਸਿੱਖ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਆਏ 11 ਸਿੱਖਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਮੇਟੀ ਦੀ ਟੀਮ ਨੇ ਦਿੱਲੀ ਵਿਚ ਹਰ ਸਹਾਇਤਾ ਦਾ ਭਰੋਸਾ ਦਿੱਤਾ।