ਮੁੰਬਈ, 5 ਜੁਲਾਈ
ਐਲਗਾਰ ਪ੍ਰੀਸ਼ਦ-ਮਾਓਵਾਦੀ ਸਬੰਧ ਮਾਮਲੇ ਵਿੱਚ ਨਵੀਂ ਮੁੰਬਈ ਦੀ ਤਾਲੋਜਾ ਜੇਲ੍ਹ ’ਚ ਬੰਦ 11 ਮੁਲਜ਼ਮਾਂ ਨੇ ਸਹਿ-ਮੁਲਜ਼ਮ ਰਹੇ ਜੈਸੁਈਟ ਪਾਦਰੀ ਸਟੈਨ ਸਵਾਮੀ ਦੀ ਬਰਸੀ ਮੌਕੇ ਅੱਜ ਇਕ ਦਿਨ ਦੀ ਭੁੱਖ ਹੜਤਾਲ ਕੀਤੀ। ਸਵਾਮੀ ਦੀ ਪਿਛਲੇ ਸਾਲ 5 ਜੁਲਾਈ ਨੂੰ ਮੌਤ ਹੋ ਗਈ ਸੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ 83 ਸਾਲਾ ਪਾਦਰੀ ਸਟੈਨ ਸਵਾਮੀ ਦੀ ‘‘ਜੇਲ੍ਹ ਪ੍ਰਸ਼ਾਸਨ, ਕੌਮੀ ਜਾਂਚ ਏਜੰਸੀ ਤੇ ਸਰਕਾਰ ਵੱਲੋਂ ਬੇਰਹਿਮੀ ਨਾਲ ਹੱਤਿਆ ਕੀਤੀ ਗਈ।’’ ਸਵਾਮੀ ਦੇ ਨਾਲ ਮਾਮਲੇ ’ਚ ਸਹਿ ਮੁਲਜ਼ਮ ਸੁਧੀਰ ਧਾਵਲੇ ਨੇ ਤਾਲੋਜਾ ਜੇਲ੍ਹ ਦੇ ਸੁਪਰਡੈਂਟ ਤੇ ਮਾਮਲੇ ਦੇ ਵਕੀਲਾਂ ਨੂੰ ਲਿਖੇ ਪੱਤਰ ’ਚ ਦਾਅਵਾ ਕੀਤਾ ਕਿ ਪ੍ਰਸ਼ਾਸਨ ਦਾ ਰਵੱਈਆ, ਮੈਡੀਕਲ ਸਹੂਲਤਾਂ ਸਣੇ ਜੇਲ੍ਹ ਦੀ ਸਥਿਤੀ ’ਚ ਕੋਈ ਬਦਲਾਅ ਨਹੀਂ ਆਇਆ ਜਿਸ ਕਰ ਕੇ ਸਵਾਮੀ ਦੀ ਮੌਤ ਹੋਈ ਸੀ। -ਪੀਟੀਆਈ