ਮੁੰਬਈ, 2 ਸਤੰਬਰ
ਐਲਗਾਰ ਪਰਿਸ਼ਦ-ਮਾਓਵਾਦੀ ਸਬੰਧਾਂ ਬਾਰੇ ਕੇਸ ਵਿੱਚ ਮੁਲਜ਼ਮ ਕਾਰਕੁਨ ਗੌਤਮ ਨਵਲੱਖਾ ਜੋ ਇਸ ਵੇਲੇ ਤਾਲੋਜਾ ਜੇਲ੍ਹ ਵਿਚ ਬੰਦ ਹੈ, ਨੇ ਅੱਜ ਬੰਬਈ ਹਾਈ ਕੋਰਟ ਵਿਚ ਅਰਜ਼ੀ ਦਾਖ਼ਲ ਕਰ ਕੇ ਅਪੀਲ ਕੀਤੀ ਹੈ ਕਿ ਉਸ ਦੀ ਵਧਦੀ ਉਮਰ ਅਤੇ ਬਿਮਾਰੀਆਂ ਦੇ ਮੱਦੇਨਜ਼ਰ ਨਿਆਂਇਕ ਹਿਰਾਸਤ ਦੇ ਤੌਰ ’ਤੇ ਉਸ ਨੂੰ ਘਰ ਵਿਚ ਹੀ ਨਜ਼ਰਬੰਦ ਰੱਖਿਆ ਜਾਵੇ। ਉਸ ਨੇ ਮੈਡੀਕਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ’ਤੇ ਮਹਾਰਾਸ਼ਟਰ ਸਰਕਾਰ ਨੇ ਨਵਲੱਖਾ ਦੀ ਜਾਂਚ ਟਾਟਾ ਮੈਮੋਰੀਅਲ ਹਸਪਤਾਲ ’ਚ ਕਰਵਾਉਣ ਦੀ ਪੇਸ਼ਕਸ਼ ਕੀਤੀ। ਉੱਧਰ, ਹਾਈ ਕੋਰਟ ਨੇ ਨਵਲੱਖਾ ਦੀ ਘਰ ਵਿਚ ਨਜ਼ਰਬੰਦ ਕਰਨ ਸਬੰਧੀ ਮੰਗ ’ਤੇ ਐੱਨਆਈਏ ਤੋਂ ਜਵਾਬ ਮੰਗਿਆ ਹੈ।
ਆਪਣੀ ਅਰਜ਼ੀ ਵਿਚ ਨਵਲੱਖਾ (69) ਨੇ ਅਪੀਲ ਕੀਤੀ ਹੈ ਕਿ ਹਾਈ ਕੋਰਟ ਗੁਆਂਢੀ ਨਵੀਂ ਮੁੰਬਈ ਵਿੱਚ ਸਥਿਤ ਤਾਲੋਜਾ ਜੇਲ੍ਹ ਦੇ ਪ੍ਰਸ਼ਾਸਨ ਨੂੰ ਛਾਤੀ ਵਿਚ ਬਣੀ ਗੱਠ ਕਰ ਕੇ ਉਸ ਦੀ ਮੈਡੀਕਲ ਜਾਂਚ ਕਰਵਾਉਣ ਦਾ ਨਿਰਦੇਸ਼ ਦੇਵੇ। ਨਵਲੱਖਾ ਦੇ ਵਕੀਲਾਂ ਯੁੱਗ ਚੌਧਰੀ ਤੇ ਪਯੋਸ਼ੀ ਰਾਏ ਨੇ ਜਸਟਿਸ ਐੱਸ.ਐੱਸ. ਸ਼ਿੰਦੇ ਤੇ ਜਸਟਿਸ ਐੱਨ.ਜੇ. ਜਾਮਦਾਰ ਦੇ ਬੈਂਚ ਨੂੰ ਦੱਸਿਆ ਕਿ ਨਵਲੱਖਾ ਮੈਡੀਕਲ ਜਾਂਚ ਕਰਵਾਉਣਾ ਚਾਹੁੰਦਾ ਹੈ ਕਿ ਕਿਤੇ ਇਹ ਗੱਠ ‘ਕੈਂਸਰ’ ਤਾਂ ਨਹੀਂ ਹੈ। ਉਨ੍ਹਾਂ ਹਾਈ ਕੋਰਟ ਤੋਂ ਅਪੀਲ ਕੀਤੀ ਕਿ ਕਾਰਕੁਨ ਦੀ ਮੁੰਬਈ ਆਧਾਰਤ ਜਸਲੋਕ ਹਸਪਤਾਲ ਵਿਚ ਜਾਂਚ ਕਰਵਾਈ ਜਾਵੇ। ਇਹ ਇਕ ਨਿੱਜੀ ਹਸਪਤਾਲ ਹੈ ਜਿੱਥੇ ਨਵਲੱਖਾ ਦੀ ਭੈਣ ਮੁਲਾਜ਼ਮ ਹੈ। ਵਕੀਲਾਂ ਨੇ ਕਿਹਾ ਕਿ ਨਵਲੱਖਾ ਦੇ ਇਲਾਜ ਦਾ ਸਾਰਾ ਖਰਚਾ ਨਵਲੱਖਾ ਤੇ ਉਸ ਦੇ ਪਰਿਵਾਰ ਵੱਲੋਂ ਕੀਤਾ ਜਾਵੇਗਾ।
ਹਾਲਾਂਕਿ, ਨਵਲੱਖਾ ਦੀ ਅਰਜ਼ੀ ਦਾ ਐਡੀਸ਼ਨਲ ਸੌਲੀਸਿਟਰ ਜਨਰਲ ਅਨਿਲ ਸਿੰਘ ਵੱਲੋਂ ਵਿਰੋਧ ਕੀਤਾ ਗਿਆ ਜੋ ਕਿ ਕੌਮੀ ਜਾਂਚ ਏਜੰਸੀ ਵੱਲੋਂ ਅਦਾਲਤ ’ਚ ਪੇਸ਼ ਹੋਏ ਸਨ। ਐੱਨਆਈਏ ਵੱਲੋਂ ਐਲਗਾਰ ਪਰਿਸ਼ਦ-ਮਾਓਵਾਦੀ ਸਬੰਧਾਂ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵਲੱਖਾ ਨੂੰ ਉਸ ਦੀ ਮਰਜ਼ੀ ਦੇ ਨਹੀਂ ਬਲਕਿ ਸਰਕਾਰੀ ਹਸਪਤਾਲ ਵਿਚ ਲਿਜਾਇਆ ਜਾਵੇ। ਉਪਰੰਤ ਸੂਬਾ ਸਰਕਾਰ ਨੇ ਨਵਲੱਖਾ ਨੂੰ ਨਵੀਂ ਮੁੰਬਈ ਵਿਚ ਸਥਿਤ ਖੜਘਰ ’ਚ ਸਥਿਤ ਟਾਟਾ ਮੈਮੋਰੀਅਲ ਹਸਪਤਾਲ ’ਚ ਲੈ ਕੇ ਜਾਣ ਦਾ ਪ੍ਰਸਤਾਵ ਰੱਖਿਆ ਜੋ ਕਿ ਤਾਲੋਜਾ ਜੇਲ੍ਹ ਦੇ ਨੇੜੇ ਹੈ। ਬੈਂਚ ਨੇ ਬਚਾਅ ਪੱਖ ਦੇ ਵਕੀਲ ਨੂੰ ਨਵਲੱਖਾ ਨੂੰ ਜਸਲੋਕ ਹਸਪਤਾਲ ਲੈ ਕੇ ਜਾਣ ਦੀ ਇਜਾਜ਼ਤ ਸਬੰਧੀ ਇਕ ਵੱਖਰੀ ਅਰਜ਼ੀ ਦਾਇਰ ਕਰਨ ਲਈ ਕਿਹਾ। ਇਸ ’ਤੇ ਵਕੀਲ ਚੌਧਰੀ ਨੇ ਕਿਹਾ ਕਿ ਉਹ ਸਮਾਂ ਖ਼ਰਾਬ ਕਰਨ ਦੀ ਥਾਂ ਸਰਕਾਰ ਦੀ ਪੇਸ਼ਕਸ਼ ਅਨੁਸਾਰ ਨਵਲੱਖਾ ਨੂੰ ਟਾਟਾ ਮੈਮੋਰੀਅਲ ਹਸਪਤਾਲ ਲੈ ਕੇ ਜਾਣ ਲਈ ਤਿਆਰ ਹਨ। ਬੈਂਚ ਨੇ ਫਿਰ ਸਰਕਾਰੀ ਵਕੀਲ ਸੰਗੀਤਾ ਸ਼ਿੰਦੇ ਦੇ ਬਿਆਨ ਦਰਜ ਕੀਤੇ ਕਿ ਨਵਲੱਖਾ ਨੂੰ ਸ਼ੁੱਕਰਵਾਰ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਜਾਵੇਗਾ।
ਇਸੇ ਦੌਰਾਨ ਹਾਈ ਕੋਰਟ ਨੇ ਨਵਲੱਖਾ ਦੀ ਘਰ ਵਿਚ ਹੀ ਨਜ਼ਰਬੰਦ ਕਰਨ ਸਬੰਧੀ ਅਰਜ਼ੀ ’ਤੇ ਐੱਨਆਈਏ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਅਤੇ ਮਾਮਲੇ ਦੀ ਅਗਲੀ ਸੁਣਵਾਈ 27 ਸਤੰਬਰ ਨੂੰ ਨਿਸ਼ਚਿਤ ਕਰ ਦਿੱਤੀ ਹੈ। -ਪੀਟੀਆਈ