ਮੁੰਬਈ, 13 ਅਕਤੂਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਐਲਗਾਰ ਪਰਿਸ਼ਦ-ਮਾਓਵਾਦੀਆਂ ਨਾਲ ਜੁੜੇ ਕੇਸ ’ਚ ਮੁਲਜ਼ਮ ਬਿਨਾਂ ਕਿਸੇ ਆਧਾਰ ਦੇ ਅਹਿਮ ਤੱਥਾਂ ਦਾ ਵਿਰੋਧ ਕਰ ਰਹੇ ਹਨ ਅਤੇ ਅਦਾਲਤ ਨੂੰ ਦੁਬਿਧਾ ’ਚ ਪਾ ਰਹੇ ਹਨ ਤਾਂ ਜੋ ਕੇਸ ਨੂੰ ਲਟਕਾਇਆ ਜਾ ਸਕੇ। ਇਸ ਹਫ਼ਤੇ ਦੇ ਸ਼ੁਰੂ ’ਚ ਹਾਈ ਕੋਰਟ ’ਚ ਦਾਖ਼ਲ ਹਲਫ਼ਨਾਮੇ ’ਚ ਐੱਨਆਈਏ ਨੇ ਬੈਂਚ ਨੂੰ ਬੇਨਤੀ ਕੀਤੀ ਕਿ ਉਹ ਸੁਧਾ ਭਾਰਦਵਾਜ, ਗੌਤਮ ਨਵਲੱਖਾ ਅਤੇ ਹੋਰ ਮੁਲਜ਼ਮਾਂ ਦੇ ਮਾਮਲੇ ’ਚ ਇਲੈਕਟ੍ਰਾਨਿਕ ਸਬੂਤਾਂ ਦੀ ਕਾਪੀ ਮੁਹੱਈਆ ਕਰਵਾਉਣਗੇ। ਜਾਂਚ ਏਜੰਸੀ ਨੇ ਅਦਾਲਤ ਨੂੰ ਕਿਹਾ ਕਿ ਉਹ ਵਿਸ਼ੇਸ਼ ਅਦਾਲਤ ’ਚ ਚੱਲ ਰਹੀ ਸੁਣਵਾਈ ’ਤੇ ਰੋਕ ਨਾ ਲਾਏ। ਉਨ੍ਹਾਂ ਇਲੈਕਟ੍ਰਾਨਿਕ ਸਬੂਤਾਂ ਨਾਲ ਛੇੜਖਾਨੀ ਦੇ ਮੁਲਜ਼ਮਾਂ ਵੱਲੋਂ ਲਾਏ ਗਏ ਦੋਸ਼ਾਂ ਤੋਂ ਵੀ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਪੰਜ ਸਬੂਤਾਂ ਦੀ ਜਾਂਚ ਫੋਰੈਂਸਿਕ ਲੈਬਾਰਟਰੀ ਵੱਲੋਂ ਕੀਤੀ ਜਾ ਰਹੀ ਹੈ। ਭਾਰਦਵਾਜ ਅਤੇ ਨਵਲੱਖਾ ਵੱਲੋਂ ਅਗਸਤ ’ਚ ਦਾਖ਼ਲ ਪਟੀਸ਼ਨਾਂ ਦੇ ਜਵਾਬ ’ਚ ਐੱਨਆਈਏ ਨੇ ਹਲਫ਼ਨਾਮਾ ਦਾਖ਼ਲ ਕੀਤਾ ਹੈ। -ਪੀਟੀਆਈ