ਮੁੰਬਈ, 30 ਜੁਲਾਈ
ਬੰਬੇ ਹਾਈ ਕੋਰਟ ਨੇ ਐਲਗਾਰ ਪ੍ਰੀਸ਼ਦ-ਮਾਓਵਾਦੀ ਲਿੰਕ ਕੇਸ ਦੇ ਮੁਲਜ਼ਮ ਸੁਰੇਂਦਰ ਗਾਡਲਿੰਗ ਨੂੰ ਆਰਜ਼ੀ ਤੌਰ ’ਤੇ ਜ਼ਮਾਨਤ ਦੇ ਦਿੱਤੀ ਹੈ ਤਾਂ ਕਿ ਉਹ ਆਪਣੀ ਮਰਹੂਮ ਮਾਂ ਨਾਲ ਜੁੜੀਆਂ ਕੁਝ ਰਸਮਾਂ ਨਿਭਾ ਸਕਣ। ਉਨ੍ਹਾਂ ਦੀ ਮਾਂ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਗਾਡਲਿੰਗ ਜੋ ਕਿ ਨਵੀ ਮੁੰਬਈ ਦੀ ਤਲੋਜਾ ਜੇਲ੍ਹ ਵਿਚ ਕੈਦ ਹਨ, ਨੂੰ 13 ਤੋਂ 21 ਅਗਸਤ ਤੱਕ ਜ਼ਮਾਨਤ ਮਿਲੀ ਹੈ। ਸੁਰੇਂਦਰ ਨੇ ਮਾਂ ਦੇ ਅੰਤਿਮ ਸੰਸਕਾਰ ਲਈ ਜਾਣਾ ਸੀ ਜਿਨ੍ਹਾਂ ਦੀ ਕੋਵਿਡ ਕਾਰਨ ਅਗਸਤ 2020 ਵਿਚ ਮੌਤ ਹੋ ਗਈ ਸੀ। ਪਰ ਹੇਠਲੀ ਅਦਾਲਤ ਨੇ ਉਸ ਵੇਲੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੁਰੇਂਦਰ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਮੌਤ ਵੇਲੇ ਜਾਂ ਤਾਂ ਹਸਪਤਾਲ ਵਿਚ ਹਨ ਜਾਂ ਘਰ ’ਚ ਇਕਾਂਤਵਾਸ ਸਨ। ਇਸ ਲਈ ਆਖ਼ਰੀ ਰਸਮਾਂ ਕਰਨੀਆਂ ਬਾਕੀ ਹਨ ਤੇ ਪਰਿਵਾਰ ਨੇ 15 ਅਗਸਤ ਨੂੰ ਪਹਿਲੀ ਬਰਸੀ ਮੌਕੇ ਅਜਿਹਾ ਕਰਨ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ