ਮੁੰਬਈ, 20 ਅਗਸਤ
ਕੇਂਦਰੀ ਏਜੰਸੀ ਐਨਆਈਏ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਐਲਗਾਰ ਪ੍ਰੀਸ਼ਦ-ਮਾਓਇਸਟ ਲਿੰਕ ਕੇਸ ਵਿਚ ਮੁਲਜ਼ਮਾਂ ਖ਼ਿਲਾਫ਼ ਦੋਸ਼ 25 ਅਗਸਤ ਤੱਕ ਤੈਅ ਨਹੀਂ ਕੀਤੇ ਜਾ ਸਕਣਗੇ। ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਵਿਸ਼ੇਸ਼ ਐਨਆਈਏ ਅਦਾਲਤ ਵਿਚ 23 ਅਗਸਤ ਨੂੰ ਸ਼ੁਰੂ ਹੋਣੀ ਸੀ, ਪਰ ਮੁਲਜ਼ਮਾਂ ਦੇ ਵਕੀਲ ਹਾਈ ਕੋਰਟ ਚਲੇ ਗਏ ਹਨ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਸਤਗਾਸਾ ਪੱਖ ਤੋਂ ਕੁਝ ਅਹਿਮ ਦਸਤਾਵੇਜ਼ ਨਹੀਂ ਮਿਲ ਸਕੇ ਹਨ। ਕਾਰਕੁਨ ਸੁਧਾ ਭਾਰਦਵਾਜ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਯੁੱਗ ਚੌਧਰੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਸੁਧਾ ਤੇ ਹੋਰਨਾਂ ਮੁਲਜ਼ਮਾਂ ਨੂੰ ਅਜੇ ਤੱਕ ਏਜੰਸੀ ਵੱਲੋਂ ਤੈਅ ਕੀਤੇ ਦੋਸ਼ਾਂ ਦੇ ਖਰੜੇ ਦੀ ਨਕਲ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਸਬੂਤਾਂ ਦੀਆਂ ਨਕਲਾਂ ਬਾਰੇ ਵੀ ਵਿਸ਼ੇਸ਼ ਅਦਾਲਤ ਨੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਹੈ। ਐਨਆਈਏ ਦੇ ਵਕੀਲ ਨੇ ਕਿਹਾ ਕਿ ਏਜੰਸੀ ਬੁੱਧਵਾਰ ਤੱਕ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਲਈ ਅੱਗੇ ਨਹੀਂ ਵਧੇਗੀ। -ਪੀਟੀਆਈ