ਮੁੰਬਈ: ਵਿਸ਼ੇਸ਼ ਐਨਆਈਏ ਅਦਾਲਤ ਨੇ ਅੱਜ ਕਿਹਾ ਕਿ ਜੇਲ੍ਹ ’ਚ ਬੰਦ ਵਕੀਲ-ਕਾਰਕੁਨ ਸੁਧਾ ਭਾਰਦਵਾਜ ਜਿਸ ਨੂੰ ਬੰਬੇ ਹਾਈ ਕੋਰਟ ਨੇ ਐਲਗਾਰ ਪ੍ਰੀਸ਼ਦ-ਮਾਓਇਸਟ ਲਿੰਕ ਕੇਸ ਵਿਚ ਜ਼ਮਾਨਤ ਦਿੱਤੀ ਹੈ, ਨੂੰ 50 ਹਜ਼ਾਰ ਰੁਪਏ ਮੁਚਲਕਾ ਭਰਨ ਉਤੇ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਵੇਗਾ, ਪਰ ਉਸ ਉਤੇ ਕਈ ਸ਼ਰਤਾਂ ਵੀ ਲਾਈਆਂ ਗਈਆਂ ਹਨ ਜਿਨ੍ਹਾਂ ਵਿਚ ਬਿਨਾਂ ਪ੍ਰਵਾਨਗੀ ਮੁੰਬਈ ਤੋਂ ਬਾਹਰ ਨਾ ਜਾਣਾ ਤੇ ਪਾਸਪੋਰਟ ਜਮ੍ਹਾਂ ਕਰਾਉਣਾ ਸ਼ਾਮਲ ਹੈ। ਅਦਾਲਤ ਨੇ ਨਾਲ ਹੀ ਕਿਹਾ ਹੈ ਕਿ ਉਹ ਉਸ ਤਰ੍ਹਾਂ ਦੀ ਕਿਸੇ ਵੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਵੇਗੀ ਜਿਸ ਲਈ ਪਹਿਲਾਂ ਉਸ ਨੂੰ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਦਵਾਜ ਪਿਛਲੇ ਤਿੰਨ ਸਾਲਾਂ ਤੋਂ ਮੁੰਬਈ ਦੀ ਜੇਲ੍ਹ ਵਿਚ ਹੈ। ਵਕੀਲ ਮੁਤਾਬਕ ਉਸ ਨੂੰ ਭਲਕੇ ਸਵੇਰੇ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਵੇਗਾ ਕਿਉਂਕਿ ਜ਼ਮਾਨਤ ਲਈ ਲੋੜੀਂਦੀ ਕਾਰਵਾਈ ਬੁੱਧਵਾਰ ਸ਼ਾਮ ਪੰਜ ਵਜੇ ਤੱਕ ਮੁਕੰਮਲ ਨਹੀਂ ਹੋ ਸਕੀ। ਸੁਪਰੀਮ ਕੋਰਟ ਨੇ ਮੰਗਲਵਾਰ ਐਨਆਈਏ ਦੀ ਉਸ ਅਪੀਲ ਨੂੰ ਖਾਰਜ ਕਰ ਦਿੱਤਾ ਸੀ। -ਪੀਟੀਆਈ