ਹਰਜੀਤ ਲਸਾੜਾ
ਬ੍ਰਿਸਬੇਨ 22 ਨਵੰਬਰ
ਆਸਟਰੇਲੀਆ ਨੇ ਕਿਹਾ ਕਿ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯੋਗ ਵੀਜ਼ਾ ਧਾਰਕ 1 ਦਸੰਬਰ ਤੋਂ ਯਾਤਰਾ ਛੋਟ ਲਈ ਅਰਜ਼ੀ ਦਿੱਤੇ ਬਿਨਾਂ ਆਸਟਰੇਲੀਆ ਆ ਸਕਦੇ ਹਨ। ਸਰਕਾਰ ਦਾ ਇਹ ਕਦਮ ਸੈਲਾਨੀਆਂ, ਬੈਕਪੈਕਰਾਂ, ਹੁਨਰਮੰਦ ਪਰਵਾਸੀਆਂ ਅਤੇ ਅੰਤਰਰਾਸ਼ਟਰੀ ਪਾੜ੍ਹਿਆਂ ਲਈ ਗਰਮੀਆਂ ਵਿੱਚ ਆਮਦ ਲਈ ਦਰਵਾਜ਼ਾ ਖੋਲ੍ਹਦਾ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਜਾਪਾਨੀ ਅਤੇ ਕੋਰਿਆਈ ਨਾਗਰਿਕ, ਜਿਨ੍ਹਾਂ ਨੇ ਡਬਲ ਡੋਜ਼ ਲਈ ਹੈ, ਵੀ ਉਕਤ ਤਰੀਕ ਤੋਂ ਬਿਨਾਂ ਇਕਾਂਤਵਾਸ ਦੇ ਆਸਟਰੇਲੀਆ ਦਾ ਦੌਰਾ ਕਰ ਸਕਦੇ ਹਨ। ਇਨ੍ਹਾਂ 28 ਸ਼੍ਰੇਣੀਆਂ ਯੋਗ ਵੀਜ਼ਾ ਧਾਰਕਾਂ ਦੀ ਪੂਰੀ ਸੂਚੀ ‘ਹੋਮ ਅਫੇਅਰਜ਼’ ਦੀ ਵੈੱਬਸਾਈਟ ’ਤੇ ਉਪਲੱਬਧ ਹੈ। ਇਸ ਐਲਾਨ ਮਗਰੋਂ ਆਸਟਰੇਲੀਆ ਜਾਣ ਦੀ ਉਮੀਦ ਰੱਖਣ ਵਾਲੇ ਹਰ ਵਿਅਕਤੀ ਲਈ ਲਾਜ਼ਮੀ ਟੀਕਾਕਰਨ ਦੇ ਨਾਲ ਰਵਾਨਾ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਆਰਟੀ ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਵੀ ਲਾਜ਼ਮੀ ਹੋਵੇਗੀ। ਸ੍ਰੀ ਮੌਰੀਸਨ ਨੇ ਕਿਹਾ ਕਿ ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਦੀ ਆਸਟਰੇਲੀਆ ਵਾਪਸੀ ‘ਇੱਕ ਵੱਡਾ ਮੀਲ ਪੱਥਰ’ ਹੈ। ਖ਼ਜ਼ਾਨਚੀ ਜੋਸ਼ ਫਰਾਈਡਨਬਰਗ ਨੇ ਕਿਹਾ ਕਿ ਤਕਰੀਬਨ 2,00,000 ਵੀਜ਼ਾ ਧਾਰਕਾਂ ਲਈ ਸਰਹੱਦਾਂ ਨੂੰ ਮੁੜ ਖੋਲ੍ਹਣਾ ਆਸਟਰੇਲੀਆ ਦੀ ਆਰਥਿਕਤਾ ਨੂੰ ਅਸਲ ਹੁਲਾਰਾ ਦੇਵੇਗਾ।