ਵਾਰਾਨਸੀ, 26 ਜੂਨ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਹੈਲੀਕਾਪਟਰ ਨੂੰ ਅੱਜ ਉਦੋਂ ਐਮਰਜੈਂਸੀ ਲੈਂਡਿੰਗ ਕਰਨੀ ਪਈ ਜਦੋਂ ਉਸ ਨਾਲ ਇੱਕ ਪੰਛੀ ਟਕਰਾ ਗਿਆ । ਵਾਰਾਨਸੀ ਦੇ ਜ਼ਿਲ੍ਹਾ ਮੈਜਿਸਟਰੇਟ ਕੌਸ਼ਲਰਾਜ ਸ਼ਰਮਾ ਨੇ ਦੱਸਿਆ ਕਿ ਇੱਥੇ ਪੁਲੀਸ ਲਾਈਨ ਤੋਂ ਲਖਨਊ ਲਈ ਉਡਾਣ ਭਰਦੇ ਹੀ ਮੁੱਖ ਮੰਤਰੀ ਦੇ ਹੈਲੀਕਾਪਟਰ ਨਾਲ ਇੱਕ ਪੰਛੀ ਟਕਰਾ ਗਿਆ, ਜਿਸ ਕਾਰਨ ਹੈਲੀਕਾਪਟਰ ਤੁਰੰਤ ਉਤਾਰਨਾ ਪਿਆ। ਇਸ ਮਗਰੋਂ ਮੁੱਖ ਮੰਤਰੀ ਸਰਕਟ ਹਾਊਸ ਵਾਪਸ ਚਲੇ ਗਏ ਅਤੇ ਕੁੱਝ ਸਮਾਂ ਬਾਅਦ ਸਰਕਾਰੀ ਜਹਾਜ਼ ਰਾਹੀਂ ਲਖਨਊ ਰਵਾਨਾ ਹੋਏ। ਮੁੱਖ ਮੰਤਰੀ ਸ਼ਨਿਚਰਵਾਰ ਨੂੰ ਇੱਥੇ ਪਹੁੰਚੇ ਸਨ। ਇੱਥੇ ਉਨ੍ਹਾਂ ਕਾਸ਼ੀ ਵਿਸ਼ਵਾਨਾਥ ਮੰਦਰ ਵਿੱਚ ਪੂਜਾ ਕੀਤੀ ਅਤੇ ਕੁੱਝ ਮੀਟਿੰਗਾਂ ਵਿੱਚ ਵੀ ਸ਼ਮੂਲੀਅਤ ਕੀਤੀ। -ਪੀਟੀਆਈ
ਕਰਨਾਟਕ: ਵਾਹਨ ਨਾਲੇ ਵਿੱਚ ਡਿੱਗਿਆ, ਨੌ ਮਜ਼ਦੂਰਾਂ ਦੀ ਮੌਤ
ਬੇਲਗਾਵੀ (ਕਰਨਾਟਕ), 26 ਜੂਨ
ਇੱਥੋਂ ਦੇ ਇੱਕ ਪਿੰਡ ਵਿੱਚ ਅੱਜ ਸਵੇਰੇ ਇੱਕ ਵਾਹਨ ਨਾਲੇ ਵਿੱਚ ਡਿੱਗਣ ਕਾਰਨ ਨੌਂ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੁਲੀਸ ਕਮਿਸ਼ਨਰ ਐੱਮ.ਬੀ ਬੋਰਲਿੰਗਈਆ ਦੀ ਨਿਗਰਾਨੀ ਹੇਠ ਬਚਾਅ ਕਾਰਜ ਚਲਾਇਆ ਗਿਆ। ਪੁਲੀਸ ਅਨੁਸਾਰ ਗੋਕਾਕ ਤਾਲੁਕ ਦੇ ਅਕਤੰਗਿਆਰਾ ਹਾਲਾ ਪਿੰਡ ਦੇ ਇਹ ਮਜ਼ਦੂਰ ਜਦੋਂ ਬੇਲਗਾਵੀ ਵੱਲ ਜਾ ਰਹੇ ਸਨ ਤਾਂ ਸੰਤੁਲਨ ਵਿਗੜਨ ਕਾਰਨ ਉਨ੍ਹਾਂ ਦਾ ਵਾਹਨ ਕਨਬਰਗੀ ਪਿੰਡ ਦੇ ‘ਬੱਲਾਰੀ ਨਾਲੇ’ ਵਿੱਚ ਡਿੱਗ ਗਿਆ। ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਹਾਦਸੇ ਵਿੱਚ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਵੱਲੋਂ 5-5 ਲੱਖ ਰੁਪਏ ਤੇ ਡੀਸੀ ਵੱਲੋਂ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ਦੇ ਇਲਾਜ ਦਾ ਖਰਚਾ ਵੀ ਸਰਕਾਰ ਵੱਲੋਂ ਕੀਤਾ ਜਾਵੇਗਾ। -ਪੀਟੀਆਈ
ਪਾਰਟੀਆਂ ਦੀ ਮਾਨਤਾ ਰੱਦ ਕਰਨ ਦੇ ਅਧਿਕਾਰ ਦੀ ਲੋੜ: ਚੋਣ ਕਮਿਸ਼ਨ
ਨਵੀਂ ਦਿੱਲੀ, 26 ਜੂਨ
ਭ੍ਰਿਸ਼ਟਾਚਾਰ ਵਿੱਚ ਸ਼ਾਮਲ ਗ਼ੈਰ-ਮਾਨਤਾ ਪ੍ਰਾਪਤ ਪ੍ਰਾਪਤ ਸਿਆਸੀ ਪਾਰਟੀਆਂ ਦੀ ਪਛਾਣ ਕਰਨ ਲਈ ਜਾਰੀ ਮੁਹਿੰਮ ਵਿਚਾਲੇ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਰਜਿਸਟਰੇਸ਼ਨ ਰੱਦ ਕਰਨ ਦਾ ਅਧਿਕਾਰ ਹਾਸਲ ਕਰਨ ਲਈ ਨਵੇਂ ਸਿਰੇ ਤੋਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਾਨੂੰਨ ਅਨੁਸਾਰ ਚੋਣ ਕਮਿਸ਼ਨ ਕੋਲ ਕਿਸੇ ਸਿਆਸੀ ਪਾਰਟੀ ਨੂੰ ਰਜਿਸਟਰ ਕਰਨ ਦੀ ਤਾਕਤ ਤਾਂ ਹੈ ਪਰ ਉਸ ਕੋਲ ਕਿਸੇ ਪਾਰਟੀ ਦੀ ਰਜਿਸਟਰੇਸ਼ਨ ਰੱਦ ਕਰਨ ਦੀ ਅਥਾਰਿਟੀ ਨਹੀਂ ਹੈ।
ਮੰਨਿਆ ਜਾ ਰਿਹਾ ਹੈ ਕਿ ਪਿੱਛੇ ਜਿਹੇ ਕੇਂਦਰੀ ਵਿਧਾਨ ਸਕੱਤਰ ਨਾਲ ਹੋਈ ਮੁਲਾਕਾਤ ਦੌਰਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸਿਆਸੀ ਪਾਰਟੀਆਂ ਦੀ ਰਜਿਸਟਰੇਸ਼ਨ ਖਤਮ ਕਰਨ ਲਈ ਕਮਿਸ਼ਨ ਨੂੰ ਸ਼ਕਤੀਆਂ ਦੇਣ ਦਾ ਮਸਲਾ ਚੁੱਕਿਆ ਸੀ। ਚੋਣ ਕਮਿਸ਼ਨ ਕਿਸੇ ਸਿਆਸੀ ਪਾਰਟੀ ਦੀ ਰਜਿਸਟਰੇਸ਼ਨ ਰੱਦ ਕਰਨ ਲਈ ਲੋਕ ਨੁਮਾਇੰਦਗੀ ਕਾਨੂੰਨ ਤਹਿਤ ਅਧਿਕਾਰ ਪ੍ਰਾਪਤ ਕਰਨ ਲਈ ਸਰਕਾਰ ਤੋਂ ਮੰਗ ਕਰਦਾ ਰਿਹਾ ਹੈ। ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਰਜਿਸਟਰੇਸ਼ਨ ਤਾਂ ਕਰਵਾ ਲੈਂਦੀਆਂ ਹਨ ਪਰ ਕਦੀ ਚੋਣਾਂ ਨਹੀਂ ਲੜਦੀਆਂ। ਅਜਿਹੀਆਂ ਪਾਰਟੀਆਂ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹੁੰਦੀਆਂ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਅਜਿਹੀ ਸੰਭਾਵਨਾ ਹੈ ਕਿ ਕਈ ਸਿਆਸੀ ਪਾਰਟੀਆਂ ਬਣਾਉਣ ਦਾ ਮੰਤਵ ਆਮਦਨ ਕਰ ’ਚ ਰਾਹਤ ਹਾਸਲ ਕਰਨਾ ਹੁੰਦਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਮਿਸ਼ਨ ਕੋਲ ਅਜਿਹੀਆਂ ਪਾਰਟੀਆਂ ਦੀ ਰਜਿਸਟਰੇਸ਼ਨ ਖਤਮ ਕਰਨ ਦੀ ਸ਼ਕਤੀ ਵੀ ਹੋਣੀ ਚਾਹੀਦੀ ਹੈ। -ਪੀਟੀਆਈ