ਨਵੀਂ ਦਿੱਲੀ, 2 ਮਾਰਚ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਲਗਾਈ ਗਈ ਐਮਰਜੰਸੀ ਨੂੰ ‘ਗ਼ਲਤੀ’ ਦੱਸਿਆ ਹੈ। ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਵੱਲੋਂ 1975 ਤੋਂ 1977 ਤੱਕ 21 ਮਹੀਨਿਆਂ ਲਈ ਐਮਰਜੰਸੀ ਲਾਈ ਗਈ ਸੀ। ਰਾਹੁਲ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਅਰਸੇ ਦੌਰਾਨ ਜੋ ਕੁਝ ਹੋਇਆ ਉਹ ‘ਗ਼ਲਤ’ ਸੀ, ਪਰ ਅੱਜ ਦੇ ਸੰਦਰਭ ਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਐਮਰਜੰਸੀ ਦੀ ਘਟਨਾ ਸਿਧਾਂਤਕ ਤੌਰ ’ਤੇ ਵੱਖਰੀ ਸੀ ਕਿਉਂਕਿ ਕਾਂਗਰਸ ਨੇ ਉਦੋਂ ਦੇਸ਼ ਦੇ ਸੰਵਿਧਾਨਕ ਚੌਖਟੇ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਅਮਰੀਕਾ ਦੀ ਕੋਰਨੈੱਲ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੌਸ਼ਿਕ ਬਾਸੂ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਕਿਹਾ ਕਿ ਉਹ ਕਾਂਗਰਸ, ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਤੇ ਦੇਸ਼ ਨੂੰ ਉਹਦਾ ਸੰਵਿਧਾਨ ਦਿੱਤਾ, ਵਿੱਚ ਅੰਦਰੂਨੀ ਜਮਹੂਰੀਅਤ ਦੇ ਹਾਮੀ ਹਨ। -ਪੀਟੀਆਈ