ਸ੍ਰੀਨਗਰ: ਨੈਸ਼ਨਲ ਕਾਨਫਰੰਸ ਨੇ ਕਿਹਾ ਹੈ ਕਿ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਨੂੰ ਘਾਟੀ ’ਚ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਅਤੇ ਮੁੜ ਵਸੇਬੇ ਲਈ ਇੱਕ ਸਪੱਸ਼ਟ ਨੀਤੀ ਬਣਾਉਣੀ ਚਾਹੀਦੀ ਹੈ ਅਤੇ ਇਸ ਦੇ ਮੱਦੇਨਜ਼ਰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਕਸ਼ਮੀਰੀ ਪੰਡਿਤਾਂ ਨੇ ਬੁੱਧਵਾਰ ਨੂੰ ਘਾਟੀ ਤੋਂ ਹਿਜਰਤ ਕਰਨ ਦੀ 32ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਕਿਹਾ ਗਿਆ ਕਿ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਵਿੱਚ ਆਪਣੇ ਜਨਮ ਸਥਾਨਾਂ ਅਤੇ ਜੱਦੀ ਸ਼ਹਿਰਾਂ ਤੋਂ ਦੂਰ ਗ਼ੁਲਾਮੀ ਵਿੱਚ ਰਹਿੰਦਿਆਂ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਸਰਕਾਰ ਨੂੰ ਉਨ੍ਹਾਂ ਲਈ ਇੱਕ ਸਪੱਸ਼ਟ ਨੀਤੀ ਬਣਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਵਾਪਸੀ ਅਤੇ ਮੁੜ ਵਸੇਬੇ ਵਿੱਚ ਤੇਜ਼ੀ ਲਿਆਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਇੱਕ ਟਵੀਟ ਵਿੱਚ ਪਾਰਟੀ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਦੀ ਵਾਪਸੀ ਲਈ ਸੁਰੱਖਿਆ ਪ੍ਰਬੰਧਾਂ ਨੂੰ ਸੁਧਾਰਨ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਅਫ਼ਸੋਸ ਦੀ ਗੱਲ ਹੈ ਕਿ ਕਸ਼ਮੀਰੀ ਪੰਡਿਤ ਹਾਲ ਦੇ ਸਮੇਂ ’ਚ ਵੀ ਘਾਟੀ ਵਿੱਚ ਵਾਪਸ ਆਉਣ ਦੇ ਨੇੜੇ ਨਹੀਂ ਹਨ। ਅਸੀਂ ਉਮੀਦ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਹਾਲਾਤ ਸੁਧਰਨਗੇ, ਉਹ ਦਿਨ ਦੂਰ ਨਹੀਂ।’’ -ਪੀਟੀਆਈ