* ‘ਲੋਕਾਂ ਦੇ ਵਿਕਾਸ ਲਈ ਚੁੱਕੇ ਕਦਮਾਂ ਦੇ ਨਤੀਜੇ ਦਿਖਣੇ ਸ਼ੁਰੂ’
ਸਿਲਵਾਸਾ, 13 ਨਵੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਭਾਰਤ ਤਾਂ ਹੀ ਵਿਕਾਸ ਕਰੇਗਾ ਜੇ ਉਸ ਦੇ ਪਿੰਡਾਂ ਤੇ ਪੰਚਾਇਤਾਂ ਦਾ ਸ਼ਕਤੀਕਰਨ ਹੋਵੇਗਾ ਕਿਉਂਕਿ ਲਗਪਗ 70 ਤੋਂ 80 ਫ਼ੀਸਦ ਲੋਕ ਦੇਸ਼ ਦੇ ਦਿਹਾਤੀ ਹਿੱਸਿਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਇਹ ਗੱਲ ਕੇਂਦਰੀ ਸ਼ਾਸਿਤ ਪ੍ਰਦੇਸ਼ ਦਾਦਰ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ ਦੇ ਸਿਲਵਾਸਾ ਸ਼ਹਿਰ ’ਚ ਜ਼ਾਂਡਾ ਚੌਕ ਨੇੜੇ ਸਰਕਾਰੀ ਸਕੂਲ ਅਤੇ ਯਾਤਰੀ ਨਿਵਾਸ ਫਲਾਈਓਵਰ ਦੇ ਥੱਲੇ ਵਿਕਾਸ ਪ੍ਰਾਜੈਕਟ ਦੇ ਦੂਜੇ ਗੇੜ ਦੇ ਉਦਘਾਟਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ।
ਰਾਸ਼ਟਰਪਤੀ ਮੁਰਮੂ ਨੇ ਕਿਹਾ, ‘‘ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਮੁਤਾਬਕ ਸਾਡੇ ਦੇਸ਼ ਦਾ ਟੀਚਾ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ ਮੁਹੱਈਆ ਕਰਵਾਉਣਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ ਦਾ ਪ੍ਰਸ਼ਾਸਨ ਆਪਣੇ ਖੇਤਰ ਦੇ ਲੋਕਾਂ ਦੇ ਵਿਕਾਸ ਲਈ ਵੱਖ-ਵੱਖ ਕਦਮ ਚੁੱਕ ਰਿਹਾ ਹੈ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਹੁਣ ਦਿਖਾਈ ਦੇ ਰਹੇ ਹਨ।’’ ਉਨ੍ਹਾਂ ਆਖਿਆ ਕਿ ਗ੍ਰਾਮ ਪੰਚਾਇਤਾਂ ਦੀ ਸ਼ਮੂੁਲੀਅਤ ਬਿਹਤਰ ਸ਼ਾਸਨ ਯਕੀਨੀ ਬਣਾਉਣ ’ਚ ਮਦਦ ਕਰਦੀ ਹੈ। ਮੁਰਮੂ ਮੁਤਾਬਕ, ‘‘ਭਾਰਤ ਪਿੰਡਾਂ ਦਾ ਦੇਸ਼ ਹੈ ਕਿਉਂਕਿ ਇੱਥੇ ਲਗਪਗ 70 ਤੋਂ 80 ਫ਼ੀਸਦ ਲੋਕ ਪਿੰਡਾਂ ’ਚ ਰਹਿੰਦੇ ਹਨ। ਇਸ ਕਰਕੇ ਜੇਕਰ ਪੰਚਾਇਤਾਂ ਮਜ਼ਬੂਤ ਹੋਣਗੀਆਂ ਤਾਂ ਸਾਡਾ ਦੇਸ਼ ਪ੍ਰਗਤੀ ਕਰੇਗਾ ਤੇ ਮਜ਼ਬੂਤ ਬਣੇਗਾ।’’ ਉਨ੍ਹਾਂ ਆਖਿਆ ਕਿ ਇਸ ਪ੍ਰੋਗਰਾਮ ਮਗਰੋਂ ਉਹ ‘ਪੰਚਾਇਤ ਘਰ’ ਦਾ ਦੌਰਾ ਕਰਨਗੇ। -ਪੀਟੀਆਈ
‘ਵਿਕਸਿਤ ਭਾਰਤ ਦੇ ਨਿਰਮਾਣ ’ਚ ਸਹਾਈ ਹੋਵੇਗਾ ਨੌਜਵਾਨਾਂ ਦਾ ਜੋਸ਼’’
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਿਲਵਾਸਾ ਕਸਬੇ ’ਚ ਨਮੋ ਮੈਡੀਕਲ ਸਿੱੰਖਿਆ ਤੇ ਖੋਜ ਸੰਸਥਾ ਦੇ ਦੌਰੇ ਨਾਲ ਅੱਜ ਆਪਣੇ ਰੁਝੇਵਿਆਂ ਦੀ ਸ਼ੁਰੂਆਤ ਕਰਦਿਆਂ ਕਾਲਜ ’ਚ ਵਿਦਿਆਰਥੀਆਂ ਤੇ ਸਟਾਫ ਨਾਲ ਗੱਲਬਾਤ ਕੀਤੀ। ਮੁਰਮੂ ਨੇ ਵਿਦਿਆਰਥੀਆਂ ਨੂੰ ਸੰੰਬੋਧਨ ਕਰਦਿਆਂ ਕਿਹਾ, ‘‘ਨੌਜਵਾਨ ਜਿਸ ਜੋਸ਼ ਨਾਲ ਅੱਗੇ ਵਧ ਰਹੇ ਹਨ, ਮੈਨੂੰ ਯਕੀਨ ਹੈ ਕਿ ਇਹ ਵਿਕਸਿਤ ਭਾਰਤ ਦੇ ਨਿਰਮਾਣ ’ਚ ਸਾਡੀ ਮਦਦ ਕਰਨਗੇ।’’