ਨਵੀਂ ਦਿੱਲੀ, 29 ਅਕਤੂਬਰ
ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਅੱਜ ਕਿਹਾ ਹੈ ਕਿ ‘ਇੰਡੀਗੋ’ ਦੇ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਦੀ ਘਟਨਾ ਦੀ ਵਿਸਤਾਰ ਵਿਚ ਜਾਂਚ ਤੋਂ ਬਾਅਦ ਉਨ੍ਹਾਂ ਵੱਲੋਂ ਢੁੱਕਵੀਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਦਿੱਲੀ ਹਵਾਈ ਅੱਡੇ ’ਤੇ ਸ਼ੁੱਕਰਵਾਰ ਰਾਤ ਵਾਪਰੀ ਹੈ। ਵੇਰਵਿਆਂ ਮੁਤਾਬਕ ਏ320 ਨਿਓ ਏਅਰਕਰਾਫ਼ਟ ਜਿਸ ਵਿਚ 184 ਲੋਕ ਸਵਾਰ ਸਨ, ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਟੇਕਆਫ਼ ਵਿਚਾਲੇ ਹੀ ਛੱਡਣਾ ਪਿਆ। ਇਸ ਦੇ ਇਕ ਇੰਜਣ ਨੂੰ ਅੱਗ ਲੱਗ ਗਈ ਸੀ। ਜਹਾਜ਼ ਨੂੰ ਮੁੜਨਾ ਪਿਆ ਤੇ ਯਾਤਰੀਆਂ ਨੂੰ ਲੈਂਡਿੰਗ ਮਗਰੋਂ ਸੁਰੱਖਿਅਤ ਲਾਹ ਲਿਆ ਗਿਆ। ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਕਿਹਾ ਕਿ ਪਹਿਲਾਂ ਇੰਜਣ ਨੂੰ ਅੱਗ ਲੱਗਣ ਪਿਛਲੇ ਕਾਰਨਾਂ ਦੀ ਪੂਰੀ ਜਾਂਚ ਹੋਵੇਗੀ। ਉਨ੍ਹਾਂ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਅੱਗ ਜਲਦੀ ਬੁਝਾ ਦਿੱਤੀ ਗਈ। ਜਹਾਜ਼ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਇੰਜਣ ਨੂੰ ਅੱਗ ਲੱਗੀ, ਉਹ ‘ਆਈਏਈਵੀ2500’ ਸੀ। ਇਸ ਦਾ ਨਿਰਮਾਣ ਆਈਏਈ ਏਅਰੋ ਇੰਜਨਜ਼ ਏਜੀ ਵੱਲੋਂ ਕੀਤਾ ਜਾਂਦਾ ਹੈ। ਡੀਜੀਸੀਏ ਨੇ ਕਿਹਾ ਕਿ ਇਸ ਗੱਲ ਦੀ ਪੜਤਾਲ ਕੀਤੀ ਜਾਵੇਗੀ ਕਿ ਕੀ ਇਨ੍ਹਾਂ ਇੰਜਣਾਂ ਨਾਲ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਵੀ ਵਾਪਰੀ ਹੈ। ਉਸ ਤੋਂ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ। -ਪੀਟੀਆਈ