ਨਵੀਂ ਦਿੱਲੀ, 1 ਮਈ
ਪੂਰਬੀ ਲੱਦਾਖ ਵਿਚ ਚੀਨ ਨਾਲ ਜਾਰੀ ਟਕਰਾਅ ਦੌਰਾਨ ਨਵ-ਨਿਯੁਕਤ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਕਿਹਾ ਕਿ ਵਰਤਮਾਨ ਤੇ ਭਵਿੱਖੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ‘ਉੱਚੀ ਤੇ ਮਿਆਰੀ ਤਿਆਰੀ’ ਯਕੀਨੀ ਬਣਾਉਣਾ ਉਨ੍ਹਾਂ ਦੀ ‘ਪਹਿਲੀ ਤੇ ਸਭ ਤੋਂ ਮਹੱਤਵਪੂਰਨ’ ਤਰਜੀਹ ਹੋਵੇਗੀ। ਅਹੁਦਾ ਸੰਭਾਲਣ ਤੋਂ ਇਕ ਦਿਨ ਬਾਅਦ ਜਨਰਲ ਪਾਂਡੇ ਨੇ ਇਹ ਵੀ ਕਿਹਾ ਕਿ ਉਹ ਥਲ ਸੈਨਾ ਦੀ ਅਪਰੇਸ਼ਨਲ ਸਮਰੱਥਾ ਨੂੰ ਵਧਾਉਣ ਲਈ ਜਾਰੀ ਸੁਧਾਰਾਂ, ਪੁਨਰਗਠਨ ਤੇ ਬਦਲਾਅ ਦੇ ਯਤਨਾਂ ਉਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਜਨਰਲ ਨੇ ਕਿਹਾ ਕਿ ਵਿਸ਼ਵ ਪੱਧਰ ਉਤੇ ਰਾਜਸੀ ਤੇ ਭੂਗੋਲਿਕ ਦ੍ਰਿਸ਼ ਲਗਾਤਾਰ ਬਦਲ ਰਿਹਾ ਹੈ। ਇਸ ਲਈ ਅੱਗੇ ਕਈ ਚੁਣੌਤੀਆਂ ਹਨ ਪਰ ਥਲ ਸੈਨਾ, ਜਲ ਤੇ ਹਵਾਈ ਸੈਨਾ ਨਾਲ ਮਿਲ ਕੇ ਕਿਸੇ ਵੀ ਸਥਿਤੀ ਨਾਲ ਨਜਿੱਠ ਸਕਦੇ ਹਨ। ਥਲ ਸੈਨਾ ਮੁਖੀ ਦਾ ਅਹੁਦਾ ਸੰਭਾਲਣ ਮਗਰੋਂ ਅੱਜ ਸਾਊਥ ਬਲਾਕ ਦੇ ਲਾਅਨ ਵਿਚ ਜਨਰਲ ਪਾਂਡੇ ਨੂੰ ‘ਗਾਰਡ ਆਫ ਆਨਰ’ ਦਿੱਤਾ ਗਿਆ। ਇਸ ਮੌਕੇ ਹਵਾਈ ਸੈਨਾ ਮੁਖੀ ਵੀ.ਆਰ. ਚੌਧਰੀ ਤੇ ਜਲ ਸੈਨਾ ਮੁਖੀ ਆਰ. ਹਰੀ ਕੁਮਾਰ ਮੌਜੂਦ ਸਨ। ਨਵ-ਨਿਯੁਕਤ ਸੈਨਾ ਮੁਖੀ ਦਾ ਇਹ ਬਿਆਨ ਪੂਰਬੀ ਲੱਦਾਖ ਵਿਚ ਕਈ ਥਾਵਾਂ ’ਤੇ ਚੀਨ ਤੇ ਭਾਰਤ ਵਿਚਾਲੇ ਜਾਰੀ ਟਕਰਾਅ ਤੇ ਜੰਮੂ ਕਸ਼ਮੀਰ ਵਿਚਲੇ ਅਤਿਵਾਦ ਦੀਆਂ ਚੁਣੌਤੀਆਂ ਦੌਰਾਨ ਆਇਆ ਹੈ। ਉਨ੍ਹਾਂ ਕਿਹਾ ਕਿ ਥਲ ਸੈਨਾ ਦੇ ਆਧੁਨਿਕੀਕਰਨ ਤੇ ਸਮਰੱਥਾ ਵਿਕਾਸ ਦੇ ਮਾਮਲੇ ਵਿਚ ਉਹ ਸਵਦੇਸ਼ੀਕਰਨ ਨੂੰ ਪਹਿਲ ਦੇਣਗੇ। ਇੰਜਨੀਅਰ ਕੋਰ ਤੋਂ ਪਹਿਲਾਂ ਸੈਨਾ ਮੁਖੀ ਬਣਨ ਦੇ ਸਵਾਲ ’ਤੇ ਜਨਰਲ ਪਾਂਡੇ ਨੇ ਕਿਹਾ ਕਿ ਵੱਖ-ਵੱਖ ਸੇਵਾਵਾਂ ਨਾਲ ਜੁੜੇ ਭਾਰਤੀ ਸੈਨਾ ਦੇ ਸਾਰੇ ਅਧਿਕਾਰੀਆਂ ਨੂੰ ਕਰੀਅਰ ਤੇ ਪੇਸ਼ੇਵਰ ਵਿਕਾਸ ਲਈ ਬਰਾਬਰ ਮੌਕੇ ਮਿਲਦੇ ਹਨ। -ਪੀਟੀਆਈ