ਮੈਸੂਰ, 14 ਦਸੰਬਰ
ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਵਿਜ਼ਿਟਰ ਗੈਲਰੀ ਤੋਂ ਲੋਕ ਸਭਾ ਚੈਂਬਰ ਵਿੱਚ ਕੁੱਦਣ ਵਾਲੇ ਦੋ ਵਿਅਕਤੀਆਂ ਵਿੱਚ ਸ਼ਾਮਲ ਮਨੋਰੰਜਨ ਡੀ ਇੱਕ ਸੋਸ਼ਲ ਮੀਡੀਆ ਪੇਜ ‘ਭਗਤ ਸਿੰਘ ਫੈਨ ਕਲੱਬ’ ਨਾਲ ਜੁੜਿਆ ਹੋਇਆ ਸੀ ਤੇ ‘ਕ੍ਰਾਂਤੀਕਾਰੀ ਕਿਸਮ’ ਦਾ ਜਾਪਦਾ ਹੈ। ਸੰਸਦ ਵਿੱਚ ਵਾਪਰੀ ਘਟਨਾ ਮਗਰੋਂ ਪੁਲੀਸ ਵੱਲੋਂ ਸ਼ੁਰੂ ਕੀਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਹ ਬਹੁਤ ਹੀ ਸ਼ਾਂਤ ਸੁਭਾਅ ਦਾ ਮਾਲਕ ਸੀ ਪਰ ਉਸ ਵੱਲੋਂ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਤੋਂ ਜਾਪਦਾ ਹੈ ਕਿ ਜਿਵੇਂ ਉਹ ‘ਕ੍ਰਾਂਤੀਕਾਰੀ ਕਿਸਮ’ ਦਾ ਹੋਵੇ।
ਅਮੋਲ ਫ਼ੌਜ ’ਚ ਜਾਣਾ ਚਾਹੁੰਦਾ ਸੀ: ਮਾਪੇ
ਛੱਤਰਪਤੀ ਸੰਭਾਜੀਨਗਰ: ਸੰਸਦ ਦੇ ਬਾਹਰ ਰੋਸ ਪ੍ਰਗਟਾਉਣ ਵਾਲੇ ਮਹਾਰਾਸ਼ਟਰ ਦੇ ਲਾਤੂਰ ਵਾਸੀ ਅਮੋਲ ਸ਼ਿੰਦੇ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਹਮੇਸ਼ਾ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਤੇ ਅੱਗੇ ਪੜ੍ਹਨ ਲਈ ਉਨ੍ਹਾਂ ਤੋਂ ਪ੍ਰਤੀ ਮਹੀਨੇ 4,000 ਰੁਪਏ ਮੰਗਦਾ ਸੀ, ਜੋ ਉਹ ਦੇਣ ਤੋਂ ਅਸਮਰੱਥ ਸਨ। ਉਨ੍ਹਾਂ ਕਿਹਾ ਕਿ ਉਸਨੇ ਅਸਾਮ ਸਮੇਤ ਵੱਖ-ਵੱਖ ਥਾਵਾਂ ’ਤੇ ਫ਼ੌਜ ਤੇ ਪੁਲੀਸ ਭਰਤੀ ਵਿੱਚ ਹਿੱਸਾ ਲਿਆ ਸੀ ਤੇ ਇੱਥੋਂ ਤੱਕ ਕਿ ਦਿਹਾੜੀਦਾਰ ਵਜੋਂ ਵੀ ਕੰਮ ਕੀਤਾ ਸੀ ਕਿਉਂਕਿ ਉਹ ਬੇਰੁਜ਼ਗਾਰ ਸੀ। ਜ਼ਰੀ ਪਿੰਡ ਦੇ ਅਨਮੋਲ ਸ਼ਿੰਦੇ (25) ਨੂੰ ਬੀਤੇ ਦਿਨੀਂ ਸੰਸਦ ਦੇ ਬਾਹਰ ਰੋਸ ਪ੍ਰਗਟਾਉਂਦੇ ਸਮੇਂ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।