ਨਵੀਂ ਦਿੱਲੀ: ਸੇਵਾਮੁਕਤ ਫ਼ੰਡ ਸੰਸਥਾ ਈਪੀਐੱਫਓ ਨੇ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ’ਤੇ ਲੱਗਿਆ ਸਾਲ 2019-20 ਦਾ 8.5 ਫ਼ੀਸਦ ਵਿਆਜ ਆਪਣੇ ਛੇ ਕਰੋੜ ਮੈਂਬਰਾਂ ਦੇ ਈਪੀਐੱਫ ਖਾਤਿਆਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ ਈਪੀਐੱਫਓ ਦੇ ਵੱਡੀ ਗਿਣਤੀ ਮੈਂਬਰ ਸਾਲ 2019-20 ਦੇ ਪਾਏ 8.5 ਫ਼ੀਸਦ ਵਿਆਜ ਸਮੇਤ ਆਪਣੇ ਈਪੀਐੱਫ ਖਾਤਿਆਂ ਦੀ ਅਪਡੇਟ ਸਟੇਟਮੈਂਟ ਜਲਦੀ ਹੀ ਦੇਖ ਸਕਣਗੇ। ਉਨ੍ਹਾਂ ਦੱਸਿਆ ਕਿ ਕਿਰਤ ਮੰਤਰਾਲਾ ਈਪੀਐੱਫਓ ਨੂੰ ਹਦਾਇਤਾਂ ਜਾਰੀ ਕਰ ਚੁੱਕਾ ਹੈ ਕਿ ਮੈਂਬਰਾਂ ਦੇ ਈਪੀਐੱਫ ’ਤੇ ਲੱਗਿਆ ਸਾਲ 2019-20 ਦਾ 8.5 ਫ਼ੀਸਦ ਵਿਆਜ ਉਨ੍ਹਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਜੋ ਮੈਂਬਰ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ, ਉਨ੍ਹਾਂ ਨੂੰ ਵੀ ਸਾਲ 2019-20 ਦਾ 8.5 ਫ਼ੀਸਦ ਵਿਆਜ ਜ਼ਰੂਰ ਮਿਲੇਗਾ।
-ਪੀਟੀਆਈ