ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 1 ਅਗਸਤ
ਨੋਟਬੰਦੀ ਦੇ ਛੇ ਸਾਲਾਂ ਬਾਅਦ ਵੀ ਮਾਰਕੀਟ ਵਿੱਚ ਜਾਅਲੀ ਨੋਟਾਂ ਦਾ ਵਾਧਾ ਲਗਾਤਾਰ ਜਾਰੀ ਹੈ। ਨੋਟਬੰਦੀ ਤੋਂ ਬਾਅਦ 2016 ਤੋਂ 2020 ਦੌਰਾਨ 2000 ਰੁਪਏ ਦੇ ਨੋਟਾਂ ਦੀ ਗਿਣਤੀ ਵਿੱਚ 107 ਗੁਣਾਂ ਵਾਧਾ ਹੋਇਆ ਹੈ। ਲੋਕ ਸਭਾ ਨੂੰ ਲਿਖਤੀ ਜਵਾਬ ਵਿੱਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਅੱਜ ਦੱਸਿਆ ਕਿ 2016 ਵਿੱਚ 2000 ਰੁਪਏ ਦੇ 2,272 ਨੋਟ, 2017 ਵਿੱਚ 74,898 ਨੋਟ, 2018 ਵਿੱਚ 54,776 ਨੋਟ, 2019 ਵਿੱਚ 90,566 ਅਤੇ 2020 ਵਿੱਚ 2,44,834 ਜਾਅਲੀ ਨੋਟ ਜ਼ਬਤ ਕੀਤੇ ਗਏ ਸਨ। ਨੋਟਬੰਦੀ ਤੋਂ ਬਾਅਦ ਸਿਰਫ 2018 ਨੂੰ ਛੱਡ ਕੇ 2016 ਤੋਂ ਜਾਅਲੀ ਨੋਟਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋਇਆ ਹੈ। ਸਾਲ 2019 ਤੇ 2020 ਵਿਚਕਾਰ ਦੋ ਹਜ਼ਾਰ ਰੁਪਏ ਦੇ ਜਾਅਲੀ ਨੋਟਾਂ ਦੀ ਗਿਣਤੀ ਵਿੱਚ 170 ਫ਼ੀਸਦੀ ਵਾਧਾ ਹੋਇਆ।