ਪਾਣੀਪਤ, 10 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਵੱਲੋਂ ਮਹਿੰਗਾਈ ਖਿਲਾਫ਼ ‘ਕਾਲੇ ਚੋਲੇ’ ਪਾ ਕੇ ਕੀਤੇ ਪ੍ਰਦਰਸ਼ਨ ਨੂੰ ‘ਕਾਲਾ ਜਾਦੂ’ ਕਰਾਰ ਦਿੱਤਾ ਹੈ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਇਸ ਕਾਲੇ ਜਾਦੂ ਨਾਲ ਵੀ ਕਾਂਗਰਸ ਦੇ ਮਾੜੇ ਦਿਨਾਂ ਦਾ ਭੋਗ ਨਹੀਂ ਪੈਣਾ ਤੇ ਨਾ ਹੀ ਉਹ ਲੋਕਾਂ ਦਾ ਵਿਸ਼ਵਾਸ ਮੁੜ ਜਿੱਤ ਸਕਣਗੇ। ਪਾਣੀਪਤ ਵਿੱਚ 900 ਕਰੋੜ ਦੀ ਲਾਗਤ ਨਾਲ ਤਿਆਰ ਦੂਜਾ ਈਥਾਨੋਲ ਜੈਨਰੇਸ਼ਨ ਪਲਾਂਟ ਦੇਸ਼ ਨੂੰ ਸਮਰਪਿਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮੁਫ਼ਤ ਸਹੂਲਤਾਂ, ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ’ਚ ਮੁੱਖ ਅੜਿੱਕਾ ਤੇ ਕਰਦਾਤਿਆਂ ’ਤੇ ਬੋਝ ਹਨ। ਸ੍ਰੀ ਮੋਦੀ ਨੇ ਕਾਂਗਰਸ, ਜਿਸ ਨੇ ਪਿਛਲੇ ਦਿਨੀਂ ਮਹਿੰਗਾਈ ਖਿਲਾਫ਼ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ ਸਨ, ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਕੁਝ ਨਿਰਾਸ਼ ਲੋਕਾ ਨੇ 5 ਅਗਸਤ ਨੂੰ ਕਾਲੇ ਜਾਦੂ ਦਾ ਸਹਾਰਾ ਲਿਆ ਸੀ। ਉਨ੍ਹਾਂ ਕਿਹਾ, ‘‘5 ਅਗਸਤ ਨੂੰ ਅਸੀਂ ਵੇਖਿਆ ਕਿ ਕੁਝ ਲੋਕਾਂ ਨੇ ‘ਕਾਲਾ ਜਾਦੂ’ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਕਾਲੇ ਕੱਪੜੇ ਪਾ ਕੇ ਆਪਣੀ ਨਿਰਾਸ਼ਾ ਖ਼ਤਮ ਕਰ ਲੈਣਗੇ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਾਦੂ ਟੂਣੇ, ਕਾਲੇ ਜਾਦੂ ਤੇ ਵਹਿਮਾਂ ਭਰਮਾਂ ਵਿੱਚ ਪਾ ਕੇ ਉਹ ਲੋਕਾਂ ਦਾ ਵਿਸ਼ਵਾਸ ਮੁੜ ਨਹੀਂ ਜਿੱਤ ਸਕਦੇ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਕੁਝ ਲੋਕ ਸੋਚਦੇ ਹਨ ਕਿ ਕਾਲੇ ਕੱਪੜੇ ਪਾ ਕੇ ਉਹ ਆਪਣੀ ਨਿਰਾਸ਼ਾਵਾਦ ਤੇ ਨਾਕਾਰਾਤਮਕਤਾ ਦਾ ਭੋਗ ਪਾ ਦੇਣਗੇ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਅਜਿਹੀ ਕੋਈ ਵੀ ਜੁਗਤ ਲੜਾ ਲੈਣ, ਪਰ ਉਹ ਮੁੜ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕਦੇ।’’ ਸ੍ਰੀ ਮੋਦੀ ਨੇ ਮੁਫ਼ਤ ਸਹੂਲਤਾਂ ਦੀ ਸਿਆਸਤ ਵਿੱਚ ਪਈਆਂ ਕੁਝ ਵਿਰੋਧੀ ਪਾਰਟੀਆਂ ਨੂੰ ਵੀ ਭੰਡਿਆ। -ਪੀਟੀਆਈ
ਜੁਮਲਾਜੀਵੀ ਆਪਣੀਆਂ ਹੀ ਚਲਾਈ ਜਾ ਰਿਹੈ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਦੇਸ਼ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਗੱਲ ਕਰੇ, ਪਰ ‘ਜੁਮਲਾਜੀਵੀ’ ਇਨ੍ਹਾਂ ਤੋਂ ਛੁੱਟ ਹੋਰ ਸਾਰੀਆਂ ਗੱਲਾਂ ਕਰਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਾਮੇਸ਼ ਨੇ ਪ੍ਰਧਾਨ ਮੰਤਰੀ ਮੋਦੀ ਦੀ ਕਾਲੇ ਕੱਪੜਿਆਂ ਵਿੱਚ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਉਹ ਕਾਲੇ ਚੋਲੇ ਬਾਰੇ ਬੇਵਜ੍ਹਾ ਮੁੱਦਾ ਬਣਾ ਰਹੇ ਹਨ। ਰਾਮੇਸ਼ ਨੇ ਟਵੀਟ ਕੀਤਾ, ‘‘ਉਹ ਕਾਲਾ ਧਨ ਵਾਪਸ ਲਿਆਉਣ ਲਈ ਕੁਝ ਨਹੀਂ ਕਰ ਸਕੇ, ਤੇ ਹੁਣ ਕਾਲੇ ਕੱਪੜਿਆਂ ਬਾਰੇ ਬੇਸਿਰ ਪੈਰ ਦਾ ਮੁੱਦਾ ਬਣਾ ਰਹੇ ਹਨ। ਦੇਸ਼ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਗੱਲ ਕਰਨ, ਪਰ ‘ਜੁਮਲਾਜੀਵੀ’ ਕੁਝ ਹੋਰ ਹੀ ਬੋਲੀ ਜਾਂਦੈ।’’