ਨਵੀਂ ਦਿੱਲੀ, 29 ਮਈ
ਪੁਲਵਾਮਾ ਵਿੱਚ ਸਾਲ 1997 ਦੌਰਾਨ ਦਹਿਸ਼ਤਗਰਦਾਂ ਵਿਰੋਧੀ ਮੁਹਿੰਮ ਦੌਰਾਨ ਸ਼ਹੀਦ ਹੋਏ ਮੇਜਰ ਸੁਖਵਿੰਦਰ ਸਿੰਘ ਰੰਧਾਵਾ ਦੀ ਬੇਟੀ ਸਿਮਰਨ ਰੰਧਾਵਾ ਨੇ ‘‘ਕੌਸਟ ਆਫ ਵਾਰ’’ ਨਾਂ ਦੀ ਕਿਤਾਬ ਲਿਖੀ ਹੈ। ਇਸ ਵਿੱਚ ਉਸ ਨੇ ਉਨ੍ਹਾਂ ਪਲਾਂ ਨੂੰ ਯਾਦ ਕੀਤਾ ਹੈ ਕਿ 18 ਮਹੀਨੇ ਦੀ ਉਮਰ ਵਿੱਚ ਆਪਣੇ ਪਿਤਾ ਨਾਲ ਗੱਲ ਕਰਨ ਲਈ ਕਾਪਲਨਿਕ ਕਾਲ ਵਾਸਤੇ ਉਹ ਕਿਵੇਂ ਖਿਡੌਣਾ ਫੋਨ ਦੀ ਵਰਤੋਂ ਕਰਦੀ ਸੀ। ਕਿਤਾਬ ਵਿੱਚ ਆਪਣਾ ਤਜਰਬਾ ਸਾਂਝਾ ਕਰਦਿਆਂ ਸਿਮਰਨ ਨੇ ਕਿਹਾ ਕਿ ਜੰਗ ਦੀ ਗੱਲ ਕਰਨੀ ਸੌਖੀ ਹੈ ਪਰ ਹਰ ਜਿੱਤ ਦੀ ਇੱਕ ਕੀਮਤ ਹੁੰਦੀ ਹੈ। ਫਿਲਹਾਲ ਕੈਨੇਡਾ ’ਚ ਮਨੋਵਿਗਿਆਨ ਦੀ ਪੜ੍ਹਾਈ ਕਰ ਰਹੀ ਸਿਮਰਨ (26) ਨੇ ਕਿਹਾ, ‘‘ਮੈਂ ਇਹ ਬਿਆਨ ਕਰਨ ਲਈ ਕਿਤਾਬ ਲਿਖਣਾ ਚਾਹੁੰਦੀ ਸੀ ਕਿ ਇੱਕ ਬੱਚੇ ਨੂੰ ਉਦੋਂ ਕਿਵੇਂ ਮਹਿਸੂਸ ਹੁੰਦਾ ਹੈ ਜਦੋਂ ਉਸ ਦਾ ਪਿਤਾ ਇਸ ਦੁਨੀਆਂ ਤੋਂ ਰੁਖਸਤ ਹੋ ਜਾਂਦਾ ਹੈ। ਸੈਨਿਕਾਂ ਦੀ ਸ਼ਹਾਦਤ ਨਾਲ ਜੰਗ ਖਤਮ ਨਹੀਂ ਹੁੰਦੀ। ਇਹ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਵੀ ਹਨੇਰੀ ਬਣਾ ਦਿੰਦੀ ਹੈ।’’ ਦੱਸਣਯੋਗ ਹੈ ਕਿ ਸਿਮਰਨ ਦੇ ਪਿਤਾ ਮੇਜਰ ਰੰਧਾਵਾ ਨੂੰ 17 ਜੂਨ 1997 ਨੂੰ ਦੋ ਦਹਿਸ਼ਤਗਰਦਾਂ ਨੂੰ ਮਾਰਨ ਬਦਲੇ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਸਮੇਂ ਸਿਮਰਨ ਡੇਢ ਸਾਲ ਦੀ ਸੀ। ਸਿਮਰਨ ਦੀ ਮਾਂ ਲੈਫਟੀਨੈਂਟ ਕਰਨਲ ਆਰ.ਜੇ. ਰੰਧਾਵਾ ਸੈਨਾ ਵਿੱਚ ਨਿਯੁਕਤ ਹੋਣ ਵਾਲੀ ਪਹਿਲੀ ਵਿਆਹੁਤਾ ਮਹਿਲਾ ਅਧਿਕਾਰੀ ਸੀ ਅਤੇ ਇਸ ਦਾ ਸਿਹਰਾ ‘ਆਰਮੀ ਵਾਈਵਜ਼ ਵੈੱਲਫੇਅਰ ਐਸੋਸੀਏਸ਼ਨ’ ਦੀ ਤਤਕਾਲੀ ਪ੍ਰਧਾਨ ਰੰਜਨਾ ਮਲਿਕ ਨੂੰ ਜਾਂਦਾ ਹੈ ਜਿਸ ਨੇ ਆਪਣੇ ਪਤੀ ਅਤੇ ਤਤਕਾਲੀ ਸੈਨਾ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਰਾਹੀਂ ਇਸ ਮਾਮਲੇ ਨੂੰ ਅੱਗੇ ਵਧਾਇਆ ਸੀ।