ਹੈਦਰਾਬਾਦ, 3 ਨਵੰਬਰ
ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਐਲ. ਰਾਮਦਾਸ ਨੇ ਅੱਜ ਤਿਲੰਗਾਨਾ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ‘ਭਾਰਤ ਜੋੜੋ ਯਾਤਰਾ’ ’ਚ ਸ਼ਿਰਕਤ ਕੀਤੀ। ਇਹ ਯਾਤਰਾ ਅੱਜ ਹੈਦਰਾਬਾਦ ਸ਼ਹਿਰ ਦੇ ਬਾਹਰਵਾਰ ਪਤੰਚੇਰੂ ਤੋਂ ਵੀਰਵਾਰ ਸਵੇਰੇ ਸ਼ੁਰੂ ਹੋਈ। ਰਾਤ ਨੂੰ ਇਹ ਸ਼ਿਵਮਪੇਟ ਵਿਚ ਰੁਕੇਗੀ। ਕਾਂਗਰਸ ਦੇ ਜਨਰਲ ਸਕੱਤਰ, ਇੰਚਾਰਜ (ਸੰਚਾਰ) ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਐਡਮਿਰਲ ਰਾਮਦਾਸ (89) ਅੱਜ ਆਪਣੀ ਪਤਨੀ ਲਲਿਤਾ ਰਾਮਦਾਸ ਦੇ ਨਾਲ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਦੌਰਾਨ ਪੈਦਲ ਚੱਲੇ। ਦੱਸਣਯੋਗ ਹੈ ਕਿ ਯਾਤਰਾ ਦਾ ਇਹ 57ਵਾਂ ਦਿਨ ਸੀ। ਤਿਲੰਗਾਨਾ ਦੇ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਏ. ਰੇਵੰਤ ਰੈੱਡੀ, ਲੋਕ ਸਭਾ ਮੈਂਬਰ ਐੱਨ. ਉੱਤਮ ਕੁਮਾਰ ਰੈੱਡੀ ਤੇ ਹੋਰਨਾਂ ਪਾਰਟੀ ਆਗੂਆਂ ਨੇ ਵੀ ਰਾਹੁਲ ਨਾਲ ਯਾਤਰਾ ਵਿਚ ਹਿੱਸਾ ਲਿਆ। ਯਾਤਰਾ ਭਲਕ ਦੇ ਪੂਰੇ ਦਿਨ ਲਈ ਰੁਕੇਗੀ। ਰਾਹੁਲ ਗਾਂਧੀ ਦਾ ਪੈਦਲ ਮਾਰਚ 23 ਅਕਤੂਬਰ ਨੂੰ ਰਾਜ ਵਿਚ ਦਾਖਲ ਹੋਇਆ ਸੀ ਤੇ ਯਾਤਰਾ ਦਾ ਤਿਲੰਗਾਨਾ ਗੇੜ 7 ਨਵੰਬਰ ਨੂੰ ਖ਼ਤਮ ਹੋਵੇਗਾ। ਜ਼ਿਕਰਯੋਗ ਹੈ ਕਿ ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਤੋਂ ਸ਼ੁਰੂ ਹੋਈ ਸੀ। -ਪੀਟੀਆਈ
ਰਾਹੁਲ ਨੇ ਖ਼ੁਦ ਨੂੰ ਮਾਰੇ ‘ਕੋਰੜੇ’
ਹੈਦਰਾਬਾਦ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਰਤ ਜੋੜੋ ਯਾਤਰਾ ਦੌਰਾਨ ਤਿਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ ਵਿਚ ਖ਼ੁਦ ਨੂੰ ਪੋਥਰਾਜੂ ਦੀ ਭੂਮਿਕਾ ਵਿਚ ਢਾਲਦਿਆਂ ਸੰਕੇਤਕ ਤੌਰ ’ਤੇ ਆਪਣੇ ਆਪ ਨੂੰ ਕੋਰੜੇ ਮਾਰੇ। ਉਨ੍ਹਾਂ ਅੱਜ ਤਿਲੰਗਾਨਾ ਦੇ ਰਵਾਇਤੀ ਤਿਉਹਾਰ ਬੋਨਾਲੂ ਵਿਚ ਪਾਰਟੀ ਵਿਧਾਇਕ ਜੱਗਾ ਰੈੱਡੀ ਦੇ ਨਾਲ ਹਿੱਸਾ ਲਿਆ। -ਪੀਟੀਆਈ