ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਅਕਤੂਬਰ
ਦਿੱਲੀ ਸਰਕਾਰ ਵੱਲੋਂ ਵਾਪਸ ਲਈ ਗਈ ‘ਆਬਕਾਰੀ ਨੀਤੀ 2021’ ਦੇ ਮਾਮਲੇ ਵਿਚ ਈਡੀ ਨੇ ਰਾਜਧਾਨੀ ਵਿਚ 25 ਥਾਵਾਂ ’ਤੇ ਛਾਪੇ ਮਾਰੇ ਹਨ। ਮਾਮਲੇ ਵਿੱਚ ਚੱਲ ਰਹੀ ਜਾਂਚ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ਉਤੇ ਇਹ ਛਾਪੇ ਮਾਰੇ ਗਏ ਹਨ। ਸੂਤਰਾਂ ਮੁਤਾਬਕ ਈਡੀ ਵੱਲੋਂ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਹਵਾਲਾ ਮਾਮਲੇ ਦੀ ਜਾਂਚ ਤਹਿਤ ਇਹ ਕਾਰਵਾਈ ਕੀਤੀ ਗਈ। ਇਸ ਨੀਤੀ ਬਾਰੇ ਸੀਬੀਆਈ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਈਡੀ ਵੱਲੋਂ 7 ਅਕਤੂਬਰ ਨੂੰ ਦਿੱਲੀ, ਪੰਜਾਬ ਤੇ ਤਿਲੰਗਾਨਾ ਵਿੱਚ 35 ਥਾਵਾਂ ’ਤੇ ਹਵਾਲਾ ਐਕਟ ਤਹਿਤ ਕਾਰਵਾਈ ਕਰਦਿਆਂ ਇਹ ਛਾਪੇ ਮਾਰੇ ਗਏ ਸਨ। ਸੀਬੀਆਈ ਵੱਲੋਂ ਦਰਜ ਐਫਆਈਆਰ ਵਿੱਚ 16 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਨਾਮਜ਼ਦਾਂ ਵਿਚੋਂ ਇੱਕ ਦਿੱਲੀ ਦੇ ਕਾਰੋਬਾਰੀ ਸਮੀਰ ਮਹਿੰਦਰੂ ਤੋਂ ਪੁੱਛ-ਪੜਤਾਲ ਦੌਰਾਨ ਹਾਸਲ ਜਾਣਕਾਰੀ ਤੋਂ ਬਾਅਦ ਦਿੱਲੀ ਵਿੱਚ ਸ਼ਰਾਬ ਕਾਰੋਬਾਰ ਨਾਲ ਜੁੜੇ ਹੋਰ ਲੋਕਾਂ ’ਤੇ ਈਡੀ ਵੱਲੋਂ ਛਾਪੇ ਮਾਰੇ ਗਏ ਸਨ ਤੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਹਿੰਦਰੂ ਨੂੰ 29 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਈਡੀ ਦੇ ਰਾਡਾਰ ਉਤੇ ਓਮ ਨਾਂ ਦਾ ਵਿਅਕਤੀ ਵੀ ਹੈ ਜਿਸ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਈਡੀ ਵੱਲੋਂ ਇਸ ਤੋਂ ਪਹਿਲਾਂ 103 ਥਾਵਾਂ ਉਪਰ ਛਾਪੇ ਮਾਰੇ ਗਏ ਸਨ ਜਿਨ੍ਹਾਂ ਵਿੱਚ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਦੀ ਤਲਾਸ਼ੀ ਵੀ ਲਈ ਗਈ ਸੀ।