ਨਵੀਂ ਦਿੱਲੀ, 19 ਮਾਰਚ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਸੰਸਦ ਵਿੱਚ ਦੱਸਿਆ ਕਿ ਜੀਵਨ ਰੱਖਿਅਕ ਦਵਾਈਆਂ, ਜਿਨ੍ਹਾਂ ਵਿੱਚ ਰੀੜ੍ਹ ਦੀ ਹੱਡੀ ਦੀਆਂ ਮਾਸਪੇਸ਼ੀਆਂ ’ਚ ਕਮਜ਼ੋਰੀ ਨਾਲ ਜੁੜਿਆ ਰੋਗ ਵੀ ਸ਼ਾਮਲ ਹੈ, ਦੀ ਨਿੱਜੀ ਵਰਤੋਂ ਲਈ ਬੁਨਿਆਦੀ ਕਸਟਮ ਡਿਊਟ ਤੋੋਂ ਛੋਟ ਹੈ, ਪਰ ਉਨ੍ਹਾਂ ’ਤੇ ਪੰਜ ਫੀਸਦ ਜੀਐੱਸਟੀ ਲਗਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਉਂਜ ਖਾਸ ਹਾਲਾਤ ਵਿੱਚ ਦਰਾਮਦ ਕੀਤੀਆਂ ਜੀਵਨ ਰੱਖਿਅਕ ਦਵਾਈਆਂ ’ਤੇ ਕੇਸ ਦਰ ਕੇੇਸ ਅਧਾਰ ’ਤੇ ਵਸਤਾਂ ਤੇ ਸੇਵਾਵਾਂ ਕਰ ਵਿੱਚ ਛੋਟ ਦੀ ਵਿਵਸਥਾ ਵੀ ਹੈ। ਵਿੱਤ ਮੰਤਰੀ ਸਿਫ਼ਰ ਕਾਲ ਦੌਰਾਨ ਕਾਂਗਰਸੀ ਸੰਸਦ ਮੈਂਬਰ ਵਿਵੇਕ ਤਨਖਾ ਵੱਲੋਂ ਚੁੱਕੇ ਮੁੱਦੇ ਬਾਰੇ ਸਪਸ਼ਟੀਕਰਨ ਦੇ ਰਹੇ ਸਨ। ਤਨਖਾ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਕਿਹਾ ਸੀ ਕਿ ਰੀੜ੍ਹ ਦੀ ਹੱਡੀ ਦੀਆਂ ਮਾਸਪੇਸ਼ੀਆਂ ’ਚ ਕਮਜ਼ੋਰੀ ਨਾਲ ਸਬੰਧਤ ਰੋਗ ਦੇ ਇਲਾਜ ਲਈ ਬਣੀ ਦਵਾਈ ਜਿਸ ਦੀ ਕੀਮਤ ਲਗਪਗ 16 ਕਰੋੜ ਰੁਪਏ ਹੈ, ’ਤੇ ਸੱਤ ਕਰੋੜ ਰੁਪਏ ਟੈਕਸ ਲਗਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਬੰਧਤ ਮੈਂਬਰ ਵੱਲੋਂ ਟੈਕਸ ਸਬੰਧੀ ਮੁਲਾਂਕਣ ਸ਼ਾਇਦ ਠੀਕ ਨਹੀਂ ਸੀ।
-ਪੀਟੀਆਈ