ਨਵੀਂ ਦਿੱਲੀ, 12 ਦਸੰਬਰ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਭਾਰਤ ਅਤੇ ਟਰੰਪ ਪ੍ਰਸ਼ਾਸਨ ਵਿਚਾਲੇ ਵਪਾਰਕ ਮੁੱਦਿਆਂ ’ਤੇ ਗੰਭੀਰ ਗੱਲਬਾਤ ਹੋਈ ਸੀ। ਉਨ੍ਹਾਂ ਉਮੀਦ ਜਤਾਈ ਕਿ ਬਾਇਡਨ ਪ੍ਰਸ਼ਾਸਨ ਨਾਲ ਵੀ ਇਨ੍ਹਾਂ ਮਸਲਿਆਂ ’ਤੇ ਗੰਭੀਰ ਚਰਚਾ ਹੋਵੇਗੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਹੁਣ ਤਕ ਹੋਈ ਗੱਲਬਾਤ ਦੌਰਾਨ ਕਿਸੇ ਸਿੱਟੇ ’ਤੇ ਪੁੱਜਣ ਤੋਂ ਪਹਿਲਾਂ ‘ਮਤਭੇਦਾਂ’ ਨੂੰ ਦੂਰ ਕਰਨ ’ਤੇ ਜ਼ੋਰ ਦਿੱਤਾ ਗਿਆ। ਜੈਸ਼ੰਕਰ ਨੇ ਉਦਯੋਗ ਸੰਗਠਨ ਫਿਕੀ ਦੀ ਸਾਲਾਨਾ ਆਮ ਬੈਠਕ ਦੌਰਾਨ ਕਿਹਾ ਕਿ ਅਮਰੀਕੀ ਅਰਥਵਿਵਸਥਾ ਮਜ਼ਬੂਤ ਹੈ ਅਤੇ ਦੋਵਾਂ ਧਿਰਾਂ ਵਿੱਚ ਕਿਸੇ ਤਰ੍ਹਾਂ ਦਾ ਬੁਨਿਆਦੀ ਟਕਰਾਅ ਨਹੀਂ ਹੈ, ਹਾਲਾਂਕਿ ਕੁਝ ਖੇਤਰਾਂ ਵਿੱਚ ਅੜਿੱਕੇ ਹਨ। ਏਜੰਸੀ