ਨਵੀਂ ਦਿੱਲੀ, 29 ਜਨਵਰੀ
ਦਿੱਲੀ ਵਿਚ ਅੱਜ ਇਜ਼ਰਾਇਲੀ ਦੂਤਾਵਾਸ ਦੇ ਬਾਹਰ ਹਲਕਾ ਆਈਈਡੀ ਧਮਾਕਾ ਹੋਇਆ। ਪੁਲੀਸ ਮੁਤਾਬਕ ਲੁਟੀਅਨ ਖੇਤਰ ਵਿਚ ਹੋਏ ਇਸ ਧਮਾਕੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਏਪੀਜੇ ਅਬਦੁਲ ਕਲਾਮ ਮਾਰਗ ’ਤੇ ਦੂਤਾਵਾਸ ਦੇ ਬਾਹਰ ਹੋਏ ਇਸ ਧਮਾਕੇ ਵਿਚ ਸੜਕ ਕਿਨਾਰੇ ਖੜ੍ਹੀਆਂ ਕਈ ਕਾਰਾਂ ਦਾ ਨੁਕਸਾਨ ਹੋਇਆ ਹੈ। ਦਿੱਲੀ ਪੁਲੀਸ ਦੇ ਅਧਿਕਾਰੀ ਅਨਿਲ ਮਿੱਤਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਸਨਸਨੀ ਫੈਲਾਉਣ ਲਈ ਕੀਤੀ ਸ਼ਰਾਰਤ ਹੋ ਸਕਦੀ ਹੈ। ਪੁਲੀਸ ਮੁਤਾਬਕ ਹਲਕਾ ਧਮਾਕਾ ਸ਼ਾਮ ਕਰੀਬ 5.05 ਵਜੇ ਹੋਇਆ। ਕੁਝ ਵਾਹਨਾਂ ਦੇ ਇਸ ਨਾਲ ਸ਼ੀਸ਼ੇ ਟੁੱਟ ਗਏ। ਦਿੱਲੀ ਪੁਲੀਸ ਦੀ ਬੰਬ ਨਕਾਰਾ ਕਰਨ ਵਾਲੀ ਟੀਮ ਮੌਕੇ ਉਤੇ ਪੁੱਜ ਗਈ ਹੈ ਤੇ ਇਲਾਕੇ ਵਿਚ ਹੋਰ ਧਮਾਕਾਖੇਜ਼ ਸਮੱਗਰੀ ਦੀ ਮੌਜੂਦਗੀ ਬਾਰੇ ਜਾਂਚ ਕੀਤੀ ਜਾ ਰਹੀ ਹੈ। ਫੌਰੈਂਸਿਕ ਮਾਹਿਰ ਵੀ ਘਟਨਾ ਸਥਾਨ ਉਤੇ ਪੁੱਜ ਗਏ ਹਨ। ਦੱਸਣਯੋਗ ਹੈ ਕਿ ਘਟਨਾ ਸਥਾਨ ਤੋਂ ਥੋੜ੍ਹੀ ਦੂਰ ਹੀ ਰਾਜਪਥ ਉਤੇ ‘ਬੀਟਿੰਗ ਰੀਟ੍ਰੀਟ’ ਸਮਾਰੋਹ ਚੱਲ ਰਿਹਾ ਸੀ। ਅੱਗ ਬੁਝਾਊ ਅਮਲੇ ਨੂੰ ਕਰੀਬ 5.11 ’ਤੇ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਏਪੀਜੇ ਅਬਦੁੱਲ ਕਲਾਮ ਮਾਰਗ ਉਤੇ ਭਾਰੀ ਗਿਣਤੀ ਵਿਚ ਪੁਲੀਸ ਤਾਇਨਾਤ ਕੀਤੀ ਗਈ ਹੈ ਤੇ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਹੈ। ਅਧਿਕਾਰੀ ਨੇੜਲੇ ਸਥਾਨਾਂ ਉਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਕਰ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸ਼ਾਂਤੀ ਭੰਗ ਕਰਨ ਦੇ ਕਿਸੇ ਵੀ ਯਤਨ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਘਟਨਾ ਤੋਂ ਬਾਅਦ ਪੂਰੇ ਮੁਲਕ ਵਿਚ ਸੀਆਈਐੱਸਐਫ ਨੂੰ ਵੀ ਚੌਕਸ ਕੀਤਾ ਗਿਆ ਹੈ। -ਪੀਟੀਆਈ