ਮਲਮਪੁਰ, 30 ਅਕਤੂਬਰ
ਕੇਰਲ ਦੇ ਮਲਮਪੁਰ ਜ਼ਿਲ੍ਹੇ ਦੇ ਅੰਨਾਕੱਲੂ ਇਲਾਕੇ ਵਿਚ ਝਟਕਿਆਂ ਨਾਲ ਵਿਸਫ਼ੋਟਕ ਦੀਆਂ ਅਵਾਜ਼ਾਂ ਸੁਨਣ ਤੋਂ ਬਾਅਦ ਕਰੀਬ 300 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਲੈਜਾਇਆ ਗਿਆ ਹੈ। ਪੁਲੀਸ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੀ ਰਾਤ 9 ਵਜੇ ਤੋਂ ਬਾਅਦ ਝਟਕਿਆਂ ਸਮੇਤ ਧਮਾਕੇ ਦੀ ਅਵਾਜ਼ ਸੁਣੀ ਗਈ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। ਇਸ ਉਪਰੰਤ ਪੁਲੀਸ ਵੱਲੋਂ ਕਾਰਵਾਈ ਕਰਦਿਆਂ 85 ਪਰਿਵਾਰਾਂ ਦੇ ਕਰੀਬ 287 ਵਿਅਕਤੀਆਂ ਨੂੰ ਮੰਗਲਵਾਰ ਦੇਰ ਰਾਤ ਇਕ ਸਕੂਲ ਦੀ ਇਮਾਰਤ ਵਿਚ ਲੈਜਾਇਆ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਆਪਣੇ ਖੇਤਰ ਵਿਚ ਗ੍ਰੇਨਾਈਟਨ ਦੀਆਂ ਖਦਾਨਾਂ ਵਿਚੋਂ ਬਾਰ ਬਾਰ ਧਮਾਕਿਆਂ ਵਾਲੀਆਂ ਅਵਾਜ਼ਾਂ ਝਟਕਿਆਂ ਸਮੇਤ ਸੁਣੀਆਂ, ਜਿਸ ਕਾਰਨ ਇਲਾਕੇ ਦੇ ਕੁੱਝ ਮਕਾਨਾਂ ਵਿਚ ਤਰੇੜਾਂ ਵੀ ਦੇਖਣ ਨੂੰ ਮਿਲੀਆਂ । ਉਨ੍ਹਾਂ ਦੱਸਿਆ ਕਿ ਝਟਕਿਆਂ ਅਤੇ ਅਵਾਜ਼ਾਂ ਵਿਚ ਵਾਧਾ ਹੋਣ ’ਤੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਸਨ।
ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਲੋਕਾਂ ਨੂੰ ਸਰੱਖਿਅਤ ਥਾਵਾਂ ’ਤੇ ਰੱਖਿਆ ਗਿਆ ਹੈ ਅਤੇ ਕੁੱਝ ਲੋਕਾਂ ਨੇ ਬੁੱਧਵਾਰ ਸਵੇਰ ਆਪਣੇ ਘਰਾਂ ਮੁੜਨਾ ਸ਼ੁਰੂ ਕਰ ਦਿੱਤਾ ਸੀ। ਪੀਟੀਆਈ