ਨਵੀਂ ਦਿੱਲੀ: ਭਾਰਤ ਦੇ ਗ਼ੈਰ-ਬਾਸਮਤੀ ਚੌਲਾਂ ਦੀ ਬਰਾਮਦ 2021-22 ਵਿੱਚ ਵਧ ਕੇ 6.11 ਅਰਬ ਅਮਰੀਕੀ ਡਾਲਰ ਦੀ ਹੋ ਗਈ ਹੈ। ਗ਼ੈਰ-ਬਾਸਮਤੀ ਚੌਲਾਂ ਦੀ ਬਰਾਮਦ 2013-14 ਵਿੱਚ 2.92 ਅਰਬ ਅਮਰੀਕੀ ਡਾਲਰ ਦੀ ਸੀ। ਵਣਜ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਭਾਰਤ ਨੇ 2021-22 ਵਿੱਚ 150 ਤੋਂ ਵੱਧ ਦੇਸ਼ਾਂ ਨੂੰ ਚੌਲ ਬਰਾਮਦ ਕੀਤੇ ਸਨ। ਡਾਇਰੈਕਟੋਰੇਟ ਜਨਰਲ ਆਫ਼ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ, ਭਾਰਤ ਨੇ ਗ਼ੈਰ-ਬਾਸਮਤੀ ਚੌਲ ਦੀ 2019-20 ਵਿੱਚ ਬਰਾਮਦ, ਦੋ ਅਰਬ ਅਮਰੀਕੀ ਡਾਲਰ, 2020-21 ਵਿੱਚ 4.8 ਅਰਬ ਡਾਲਰ ਅਤੇ 2021-22 ਵਿੱਚ 6.11 ਅਰਬ ਡਾਲਰ ਕੀਤੀ ਹੈ। ਖੇਤੀਬਾੜੀ ਅਤੇ ਪ੍ਰੋਸੈਸਿੰਗ ਖਾਦ ਉਤਪਾਦ ਬਰਾਮਦ ਵਿਕਾਸ (ਏਪੀਈਡੀਏ) ਦੇ ਚੇਅਰਮੈਨ ਐੱਮ. ਅੰਗਮੁਥੂ ਨੇ ਕਿਹਾ, ‘‘ਆਪਣੇ ਵਿਦੇਸ਼ੀ ਸਫ਼ਾਰਤਖ਼ਾਨਿਆਂ ਦੀ ਮਦਦ ਨਾਲ ਅਸੀਂ ਲੌਜਿਸਟਿਕਸ ਦੇ ਵਿਕਾਸ ਲਈ ਤਾਲਮੇਲ ਕੀਤਾ ਅਤੇ ਉਤਪਾਦ ਦੀ ਗੁਣਵੱਤਾ ’ਤੇ ਵੀ ਧਿਆਨ ਦਿੱਤਾ ਹੈ। ਇਸ ਨਾਲ ਭਾਰਤੀ ਚੌਲ ਦੀ ਬਰਾਮਦ ਦੀਆਂ ਸੰਭਾਵਨਾਵਾਂ ਬਿਹਤਰ ਹੋਈਆਂ ਹਨ।’’ -ਪੀਟੀਆਈ