ਪਟਨਾ: ਪੁਲੀਸ ਨੇ ਖ਼ੂਨ ਵੇਚ ਕੇ ਨਸ਼ੀਲੇ ਪਦਾਰਥ ਖ਼ਰੀਦਣ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਕਾਫੀ ਨੌਜਵਾਨ ਨਸ਼ਿਆਂ ਦੇ ਆਦੀ ਹਨ ਅਤੇ ਆਪਣਾ ਖ਼ੂਨ ਹਸਪਤਾਲਾਂ ਵਿੱਚ ਵੇਚ ਕੇ ਪੈਸੇ ਇਕੱਠੇ ਕਰਦੇ ਹਨ ਤਾਂ ਜੋ ਨਸ਼ੇ ਦੀ ਪੂਰਤੀ ਕੀਤੀ ਜਾ ਸਕੇ। ਪੱਤਰਕਾਰ ਨਗਰ ਪੁਲੀਸ ਸਟੇਸ਼ਨ ਦੇ ਐੱਸਐੱਚਓ ਮਨੋਰੰਜਨ ਭਾਰਤ ਨੇ ਦੱਸਿਆ,‘ਇਹ ਨੌਜਵਾਨ ਬਚਪਨ ਦੇ ਮਿੱਤਰ ਹਨ। ਸਕੂਲ ਦੇ ਦਿਨਾਂ ਦੌਰਾਨ ਇਨ੍ਹਾਂ ਨੂੰ ਨਸ਼ਿਆਂ ਦੀ ਲਤ ਲੱਗ ਗਈ। ਘਰੋਂ ਪੈਸੇ ਨਾ ਮਿਲਣ ਕਾਰਨ ਇਨ੍ਹਾਂ ਨੇ ਮੋਬਾਈਲ ਝਪਟਣੇ ਸ਼ੁਰੂ ਕਰ ਦਿੱਤੇ ਤਾਂ ਜੋ ਨਸ਼ਾ ਖ਼ਰੀਦਿਆ ਜਾ ਸਕੇ। ਇਸ ’ਤੇ ਇਨ੍ਹਾਂ ਨੂੰ ਛੇ ਮਹੀਨਿਆਂ ਦੀ ਕੈਦ ਵੀ ਹੋਈ। ਉਨ੍ਹਾਂ ਦੱਸਿਆ ਕਿ ਜ਼ਮਾਨਤ ਮਿਲਣ ਮਗਰੋਂ ਨੌਜਵਾਨਾਂ ਨੇ ਪ੍ਰਾਈਵੇਟ ਹਸਪਤਾਲ ਦੇ ਇਕ ਮੁਲਾਜ਼ਮ ਨਾਲ ਰਾਬਤਾ ਕਾਇਮ ਕੀਤਾ ਅਤੇ ਉਸ ਨੇ ਇਨ੍ਹਾਂ ਨੂੰ ਖੂਨ ਵੇਚ ਕੇ ਪ੍ਰਤੀ ਲਿਟਰ ਇਕ ਹਜ਼ਾਰ ਰੁਪਏ ਕਮਾਉਣ ਲਈ ਕਿਹਾ। ਇੰਜ ਖ਼ੂਨ ਵੇਚ ਕੇ ਰੋਜ਼ ਨਸ਼ੇ ਕਰਨ ਕਰਕੇ ਇਕ ਨੌਜਵਾਨ ਦੀ ਜਾਨ ਵੀ ਚਲੀ ਗਈ। ਇਸ ਤੋਂ ਬਾਅਦ ਉਹ ਤਿੰਨੋਂ ਵੀ ਡਰ ਗਏ ਅਤੇ ਪਰਿਵਾਰ ਨੇ ਇਨ੍ਹਾਂ ਨੂੰ ਘਰ ਵਿੱਚ ਕੈਦ ਕਰ ਦਿੱਤਾ। ਸਿੱਟੇ ਵਜੋਂ ਉਹ ਨਸ਼ਿਆਂ ਦੀ ਜ਼ੱਦ ਤੋਂ ਥੋੜ੍ਹਾ ਬਾਹਰ ਨਿਕਲਣ ’ਚ ਸਫ਼ਲ ਹੋਏ। -ਆਈਏਐੱਨਐੱਸ