ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਗਸਤ
ਕੌਮੀ ਸੜਕ ਅਥਾਰਿਟੀ ਹੁਣ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਮਾਮਲੇ ’ਤੇ ਤਸੱਲੀ ਦੇ ਰੌਂਅ ਵਿੱਚ ਆਉਣ ਲੱਗੀ ਹੈ। ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੀਕੇ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਅੱਜ ਕੌਮੀ ਸੜਕ ਮਾਰਗ ਦਾ ਮਾਮਲਾ ਵਿਚਾਰਿਆ ਗਿਆ, ਜਿਸ ਵਿਚ ਕੌਮੀ ਸੜਕ ਅਥਾਰਿਟੀ ਦੇ ਖੇਤਰੀ ਅਧਿਕਾਰੀ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਅਤੇ ਵਿਭਾਗੀ ਅਧਿਕਾਰੀ ਵੀ ਸ਼ਾਮਲ ਸਨ।
ਪੰਜਾਬ ਸਰਕਾਰ ਨੇ ਇਸ ਮੀਟਿੰਗ ਵਿੱਚ ਕੌਮੀ ਸੜਕ ਅਥਾਰਿਟੀ ਨੂੰ ਦਿੱਲੀ-ਕੱਟੜਾ ਐਕਸਪ੍ਰੈਸਵੇਅ ਲਈ ਐਕੁਆਇਰ ਕੀਤੀ ਜ਼ਮੀਨ ਦੀ ਪ੍ਰਗਤੀ ਤੋਂ ਜਾਣੂ ਕਰਾਇਆ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਸੜਕ ਮਾਰਗ ਲਈ ਜ਼ਮੀਨਾਂ ਦੇ ਕਬਜ਼ਿਆਂ ਦਾ 80 ਫ਼ੀਸਦੀ ਤੋਂ ਜ਼ਿਆਦਾ ਕੰਮ ਮੁਕੰਮਲ ਹੋ ਚੁੱਕਾ ਹੈ। ਮਾਲੇਰਕੋਟਲਾ ਵਿੱਚ ਜੋ ਕੁਝ ਟੋਟੇ ਦਾ ਰੱਫੜ ਪਿਆ ਹੈ, ਉਸ ਬਾਰੇ ਕਿਸਾਨ ਯੂਨੀਅਨਾਂ ਦੇ ਵਿਰੋਧ ਨੂੰ ਮੁੱਖ ਅੜਿੱਕਾ ਦੱਸਿਆ ਗਿਆ।
ਕੌਮੀ ਸੜਕ ਅਥਾਰਿਟੀ ਨੇ ਪੰਜਾਬ ਸਰਕਾਰ ਵੱਲੋਂ ਹੁਣ ਚੁੱਕੇ ਕਦਮਾਂ ਨੂੰ ਲੈ ਕੇ ਤਸੱਲੀ ਜ਼ਾਹਿਰ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੰਘੇ ਕੱਲ੍ਹ ਕੀਤੀ ਮੀਟਿੰਗ ਦੇ ਏਜੰਡੇ ’ਚੋਂ ਵੀ ਆਖ਼ਰੀ ਪੜਾਅ ’ਤੇ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਨੂੰ ਬਾਹਰ ਕਰ ਦਿੱਤਾ ਗਿਆ ਸੀ। ਮੁੱਖ ਸਕੱਤਰ ਅਨੁਰਾਗ ਵਰਮਾ ਸ਼ੁੱਕਰਵਾਰ ਨੂੰ ਇਸ ਸੜਕ ਮਾਰਗ ਦੇ ਅੜਿੱਕਿਆਂ ਨੂੰ ਲੈ ਕੇ ਸਬੰਧਿਤ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੀਟਿੰਗ ਦੀ ਪ੍ਰਧਾਨਗੀ ਕਰਨੀ ਸੀ ਪਰ ਉਹ ਕੈਬਨਿਟ ਮੀਟਿੰਗ ਮਗਰੋਂ ਸੰਗਰੂਰ ਲਈ ਰਵਾਨਾ ਹੋ ਗਏ। ਉਨ੍ਹਾਂ ਦੀ ਗੈਰਮੌਜੂਦਗੀ ਵਿੱਚ ਇਹ ਮੀਟਿੰਗ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਵੀਕੇ ਸਿੰਘ ਨੇ ਕੀਤੀ।