ਨਵੀਂ ਦਿੱਲੀ, 17 ਮਈ
ਨੌਇਡਾ ਸਥਿਤ ‘ਸੁਪਰਟੈੱਕ’ ਦੇ ਐਮਰਾਲਡ ਪ੍ਰਾਜੈਕਟ ਦੇ 40 ਮੰਜ਼ਿਲਾ ਜੌੜੇ ਟਾਵਰਾਂ ਨੂੰ ਡੇਗਣ ਲਈ ਮਿੱਥੀ ਗਈ ਤਰੀਕ ਵਿਚ ਸੁਪਰੀਮ ਕੋਰਟ ਨੇ 28 ਅਗਸਤ ਤੱਕ ਵਾਧਾ ਕਰ ਦਿੱਤਾ ਹੈ। ਨਿਯਮਾਂ ਦੀ ਉਲੰਘਣਾ ’ਤੇ ਇਸ ਇਮਾਰਤ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਇਕ ਅਰਜ਼ੀ ਪਾਈ ਗਈ ਸੀ ਤੇ 22 ਮਈ ਤੱਕ ਦਿੱਤੇ ਗਏ ਸਮੇਂ ਵਿਚ ਤਿੰਨ ਮਹੀਨਿਆਂ ਦਾ ਵਾਧਾ ਮੰਗਿਆ ਗਿਆ ਸੀ। ਸੁਪਰਟੈੱਕ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਟੈਸਟ ਬਲਾਸਟ ਕਰ ਕੇ ਦੇਖੇ ਗਏ ਹਨ ਤੇ ਸਾਹਮਣੇ ਆਇਆ ਹੈ ਕਿ ਇਮਾਰਤ ਆਸ ਨਾਲੋਂ ਵੱਧ ਮਜ਼ਬੂਤ ਤੇ ਸਥਿਰ ਹੈ। ਸਿਖ਼ਰਲੀ ਅਦਾਲਤ ਵੱਲੋਂ ਇਸ ਮਾਮਲੇ ਨੂੰ ਦੇਖ ਰਹੇ ਵਕੀਲ ਨੇ ਵੀ ਅਰਜ਼ੀ ਦਾ ਸਮਰਥਨ ਕੀਤਾ ਤੇ ਕਿਹਾ ਕਿ ਕੇਂਦਰੀ ਬਿਲਡਿੰਗ ਰਿਸਰਚ ਇੰਸਟੀਚਿਊਟ ਨੇ ਵੀ ਇਹੀ ਸਿਫ਼ਾਰਿਸ਼ ਕੀਤੀ ਹੈ ਕਿ ਹੋਰ ਸਮਾਂ ਦਿੱਤਾ ਜਾਵੇ। ਕੇਂਦਰੀ ਏਜੰਸੀ ਨੂੰ ਸੁਪਰੀਮ ਕੋਰਟ ਨੇ ਹੀ ਇਸ ਮਾਮਲੇ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਪਹਿਲਾਂ ਨੋਇਡਾ ਅਥਾਰਿਟੀ ਨੇ 28 ਫਰਵਰੀ ਨੂੰ ਸਿਖ਼ਰਲੀ ਅਦਾਲਤ ਨੂੰ ਜਾਣੂ ਕਰਾਇਆ ਸੀ ਕਿ ਟਾਵਰਾਂ ਨੂੰ ਢਾਹੁਣ ਦਾ ਕੰਮ 22 ਮਈ ਤੱਕ ਇਹ ਸਿਰੇ ਚੜ੍ਹ ਜਾਵੇਗਾ। -ਪੀਟੀਆਈ