ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਸਤੰਬਰ
ਸੈਂਟਰਲ ਬੋਰਡ ਫਾਰ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਸਕੂਲ ਐਫੀਲੀਏਸ਼ਨ ਰੀ-ਇੰਜਨੀਅਰਡ ਆਟੋਮੇਸ਼ਨ ਸਿਸਟਮ (ਸਾਰਸ) ਤਹਿਤ ਸਕੂਲਾਂ ਦੀ ਮਾਨਤਾ ਨਵਿਆਉਣ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਬੋਰਡ ਨੇ ਦੱਸਿਆ ਕਿ ਸਾਲ 2023-24 ਸੈਸ਼ਨ ਲਈ ਮਾਨਤਾ ਨਵਿਆਉਣ ਲਈ ਸਕੂਲ 30 ਸਤੰਬਰ ਤਕ ਬਿਨਾਂ ਕਿਸੇ ਲੇਟ ਫੀਸ ਦੇ ਮਾਨਤਾ ਨਵਿਆ ਸਕਦੇ ਹਨ। ਦੂਜੇ ਪਾਸੇ ਬੋਰਡ ਨੇ ਯੂਨੀਵਰਸਿਟੀਆਂ ਨੂੰ ਵੀ ਹਦਾਇਤ ਦਿੱਤੀ ਹੈ ਕਿ ਉਹ ਡਿਜੀਲਾਕਰ ਤਹਿਤ ਹਾਸਲ ਸਰਟੀਫਿਕੇਟਾਂ ’ਤੇ ਇਤਰਾਜ਼ ਨਾ ਲਾਉਣ ਤੇ ਵਿਦਿਆਰਥੀਆਂ ਨੂੰ ਦਾਖ਼ਲਿਆਂ ਲਈ ਤੰਗ ਨਾ ਕਰਨ। ਦੱਸਣਾ ਬਣਦਾ ਹੈ ਕਿ ਡਿਜੀਲਾਕਰ ਸਰਟੀਫਿਕੇਟਾਂ ਦੇ ਮਾਮਲੇ ਵਿਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਬੋਰਡ ਨੂੰ ਸ਼ਿਕਾਇਤਾਂ ਕੀਤੀਆਂ ਸਨ। ਇਸ ਸਬੰਧੀ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਨੇ ਯੂਨੀਵਰਸਿਟੀਆਂ ਖ਼ਿਲਾਫ਼ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਬੋਰਡ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ 2 ਸਤੰਬਰ ਨੂੰ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਕਿ ਸਕੂਲ ਅਗਲੇ ਸੈਸ਼ਨ ਲਈ 30 ਸਤੰਬਰ ਤਕ ਬਿਨਾਂ ਲੇਟ ਫੀਸ ਤੇ ਪਹਿਲੀ ਅਕਤੂਬਰ ਤੋਂ 30 ਨਵੰਬਰ ਤਕ ਵਾਧੂ ਫੀਸ ਤਕ ਦਰਖ਼ਾਸਤ ਕਰ ਸਕਦੇ ਹਨ। ਇਸ ਤੋਂ ਇਲਾਵਾ ਸਕੂਲ ਦੋ ਸ਼ਿਫਟਾਂ ਵਿਚ ਸਕੂਲ ਸ਼ੁਰੂ ਕਰਨ, ਸੈਕਸ਼ਨ ਵਧਾਉਣ, ਵਾਧੂ ਵਿਸ਼ੇ ਸ਼ੁਰੂ ਕਰਨ, ਸਕੂਲ ਦਾ ਨਾਂ ਬਦਲਣ, ਸਕੂਲ ਨੂੰ ਸੁਸਾਇਟੀ ਤਹਿਤ ਤਬਦੀਲ ਕਰਨ ਲਈ ਪਹਿਲੀ ਅਕਤੂਬਰ ਤੋਂ 30 ਨਵੰਬਰ ਤਕ ਦਰਖਾਸਤ ਕਰ ਸਕਦੇ ਹਨ।