ਮੁੰਬਈ: ਵਟਸਐਪ ਨੇ ਭਾਰਤ ਵਿਚ ਆਪਣੀ ਅਦਾਇਗੀ ਸੇਵਾ (ਪੇਅਮੈਂਟ ਸਰਵਿਸ) ਦੇ ਵਿਸਤਾਰ ਦਾ ਐਲਾਨ ਕੀਤਾ ਹੈ। ਇਸ ਦਾ ਮੰਤਵ ਕਾਰੋਬਾਰੀ ਇਕਾਈਆਂ ਨਾਲ ਲੈਣ-ਦੇਣ ਕਰ ਰਹੇ ਲੋਕਾਂ ਲਈ ਚੈਟ ਵਿਚ ਸਿੱਧੀ ਅਦਾਇਗੀ ਨੂੰ ਸੌਖਾ ਬਣਾਉਣਾ ਹੈ। ਇਸ ਲਈ ਉਨ੍ਹਾਂ ਨੂੰ ਯੂਪੀਆਈ ਐਪਸ ਦਾ ਬਦਲ ਦਿੱਤਾ ਗਿਆ ਹੈ, ਜਿਸ ਵਿਚ ਕਰੈਡਿਟ ਤੇ ਡੈਬਿਟ ਕਾਰਡ ਜਿਹੀਆਂ ਡਿਜੀਟਲ ਅਦਾਇਗੀਆਂ ਦੇ ਬਦਲ ਵੀ ਸ਼ਾਮਲ ਹਨ। ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਕਿਹਾ ਕਿ ਲੋਕਾਂ ਅਤੇ ਕਾਰੋਬਾਰਾਂ ਵੱਲੋਂ ਕੰਮਾਂ ਲਈ ਮੈਸੇਜਿੰਗ ਨੂੰ ਤਰਜੀਹ ਦੇਣ ਦੇ ਮਾਮਲੇ ਵਿਚ ਭਾਰਤ ਦੁਨੀਆ ਦੀ ਅਗਵਾਈ ਕਰ ਰਿਹਾ ਹੈ। ਵਟਸਐਪ ਨੇ ਕਿਹਾ ਕਿ ਇਹ ਆਪਣੇ ਸਾਥੀ ਪਲੈਟਫਾਰਮ ‘ਰੇਜ਼ਰਪੇਅ’ ਤੇ ‘ਪੇਅਯੂ’ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਕਿ ਅਦਾਇਗੀ ਨੂੰ ਮੈਸੇਜ ਭੇਜਣ ਜਿੰਨਾ ਸੌਖਾ ਬਣਾਇਆ ਜਾ ਸਕੇ। ‘ਮੈਟਾ’ ਦੀ ਮਾਲਕੀ ਵਾਲੇ ਵਟਸਐਪ ਨੇ ਭਾਰਤੀ ਬਾਜ਼ਾਰ ਵਿਚ ਕਾਰੋਬਾਰੀ ਇਕਾਈਆਂ ਨੂੰ ਖਿੱਚਣ ਲਈ ਕਈ ਨਵੇਂ ਫੀਚਰ ਵੀ ਲਾਂਚ ਕੀਤੇ ਹਨ। ਜ਼ਕਰਬਰਗ ਮੁੰਬਈ ਵਿਚ ਹੋਈ ਇਕ ਕਾਨਫਰੰਸ ਨੂੰ ਵਰਚੁਅਲੀ ਸੰਬੋਧਨ ਕਰ ਰਹੇ ਹਨ। ਇਸ ਮੌਕੇ ‘ਟਰਬੋਚਾਰਜਿੰਗ ਬਿਜ਼ਨਸਜ਼’ ਲਈ ਕਈ ਨਵੇਂ ਟੂਲ ਲਾਂਚ ਕੀਤੇ ਗਏ ਹਨ ਜਿਨ੍ਹਾਂ ਵਿਚ ‘ਵਟਸਐਪ ਫਲੋਅਜ਼’ ਤੇ ‘ਮੈਟਾ ਵੈਰੀਫਾਈਡ ਬੈਜ’ ਸ਼ਾਮਲ ਹਨ। ਇਹ ਟੂਲ ਵਟਸਐਪ ਚੈਟ ਵਿਚ ਕਾਰੋਬਾਰੀ ਇਕਾਈਆਂ ਨਾਲ ਰਾਬਤਾ ਹੋਣ ’ਤੇ ਚੀਜ਼ਾਂ ਨੂੰ ਸੁਖਾਲਾ ਬਣਾਉਣਗੇ। ਕੰਪਨੀ ਵੱਲੋਂ ਜਾਰੀ ਸੂਚਨਾ ਮੁਤਾਬਕ ‘ਵਟਸਐਪ ਬਿਜ਼ਨਸ ਪਲੈਟਫਾਰਮ’ ਦੀ ਵਰਤੋਂ ਕਰ ਕੇ ਲੋਕ ਖ਼ਰੀਦੀਆਂ ਜਾਣ ਵਾਲੀਆਂ ਵਸਤਾਂ ਦੀ ਚੋਣ ਕਰ ਕੇ ਅਦਾਇਗੀ ਲਈ ਆਪਣੀ ਪਸੰਦ ਦਾ ਤਰੀਕਾ ਵਰਤ ਸਕਦੇ ਹਨ- ਉਹ ਵਟਸਐਪ ਜਾਂ ਹੋਰ ਕੋਈ ਅਦਾਇਗੀ ਬਦਲ ਚੁਣ ਸਕਦੇ ਹਨ, ਜਿਸ ਵਿਚ ਸਾਰੀਆਂ ਯੂਪੀਆਈ ਐਪਸ, ਡੈਬਿਟ ਤੇ ਕਰੈਡਿਟ ਕਾਰਡ ਅਤੇ ਹੋਰ ਢੰਗ ਸ਼ਾਮਲ ਹਨ। ਇਸ ਲਈ ਕਿਸੇ ਵੈੱਬਸਾਈਟ, ਹੋਰ ਐਪ ਉਤੇ ਜਾਣ ਦੀ ਲੋੜ ਨਹੀਂ ਪਏਗੀ। ਇਸ ਦਾ ਮਤਲਬ ਹੈ ਕਿ ਅਦਾਇਗੀਆਂ ਵਟਸਐਪ ਦੇ ਅੰਦਰ ਹੀ ਗੂਗਲ ਪੇਅ ਤੇ ਪੇਅਟੀਐਮ ਨਾਲ ਵੀ ਕੀਤੀਆਂ ਜਾ ਸਕਣਗੀਆਂ। -ਪੀਟੀਆਈ