ਨਵੀਂ ਦਿੱਲੀ, 29 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ‘ਪੀਐੱਮ ਕੇਅਰਜ਼ ਫਾਰ ਚਿਲਡਰਨ ਸਕੀਮ’ ਤਹਿਤ ਸਹੂਲਤਾਂ ਦਾ ਐਲਾਨ ਕਰਨਗੇ। ਮਹਿਲਾ ਤੇ ਬਾਲ ਕਲਿਆਣ ਮੰਤਰਾਲੇ ਨੇ ਦੱਸਿਆ ਕਿ ਸਰਕਾਰ ਨੇ 11 ਮਾਰਚ 2020 ਤੋਂ 28 ਫਰਵਰੀ 2022 ਦਰਮਿਆਨ ਕੋਵਿਡ- 19 ਕਾਰਨ ਆਪਣੇ ਮਾਪੇ, ਕਾਨੂੰਨੀ ਰਾਖੇ, ਗੋਦ ਲੈਣ ਵਾਲੇ ਮਾਪਿਆਂ ਜਾਂ ਇਕਹਿਰੇ ਮਾਂ ਜਾਂ ਪਿਓ ਨੂੰ ਗੁਆਉਣ ਵਾਲੇ ਬੱਚਿਆਂ ਲਈ ਪਿਛਲੇ ਵਰ੍ਹੇ 29 ਮਈ ਨੂੰ ਇਹ ਸਕੀਮ ਲਾਂਚ ਕੀਤੀ ਸੀ। ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਵਜ਼ੀਫ਼ੇ ਦੇਣਗੇ। ਬੱਚਿਆਂ ਨੂੰ ‘ਪੀਐੱਮ ਕੇਅਰਜ਼ ਫਾਰ ਚਿਲਡਰਨ ਪਾਸਬੁੱਕ’ ਤੇ ‘ਆਯੂਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ’ ਤਹਿਤ ਸਿਹਤ ਕਾਰਡ ਵੀ ਦਿੱਤੇ ਜਾਣਗੇ। ਇਸ ਮੌਕੇ ਬੱਚੇ ਆਪਣੀ ਦੇਖਭਾਲ ਕਰਨ ਵਾਲੇ ਵਿਅਕਤੀਆਂ ਤੇ ਸਬੰਧਤ ਜ਼ਿਲ੍ਹਾ ਮੈਜਿਸਟਰੇਟ ਨਾਲ ਵਰਚੁਅਲ ਮਾਧਿਅਮ ਰਾਹੀਂ ਹਿੱਸਾ ਲੈਣਗੇ। -ਪੀਟੀਆਈ