ਛੱਤਰਪਤੀ ਸੰਭਾਜੀਨਗਰ, 31 ਦਸੰਬਰ
ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀਨਗਰ ’ਚ ਦਸਤਾਨੇ ਬਣਾਉਣ ਵਾਲੀ ਫੈਕਟਰੀ ’ਚ ਐਤਵਾਰ ਨੂੰ ਅੱਗ ਲੱਗਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲੀਸ ਸੂਤਰਾਂ ਨੇ ਦਿੱਤੀ। ਇਥੋਂ ਦੇ ਵਲੂਜ ਸਨਅਤੀ ਇਲਾਕੇ ’ਚ ਸਨਸ਼ਾਈਨ ਇੰਟਰਪ੍ਰਾਈਜ਼ਿਜ਼ ਦੇ ਇਕ ਯੂਨਿਟ ’ਚ ਰਾਤ ਇਕ ਵਜੇ ਇਹ ਅੱਗ ਲੱਗੀ। ਜਦੋਂ ਅੱਗ ਲੱਗੀ ਉਸ ਵੇਲੇ ਫੈਕਟਰੀ ’ਚ 13 ਮੁਲਾਜ਼ਮ ਸੌਂ ਰਹੇ ਸਨ। ਇਨ੍ਹਾਂ ’ਚੋਂ ਸੱਤ ਵਰਕਰ ਟੀਨ ਦੀ ਛੱਤ ਤੋੜ ਕੇ ਬਾਹਰ ਨਿਕਲਣ ’ਚ ਸਫਲ ਰਹੇ ਜਦੋਂ ਕਿ ਛੇ ਵਰਕਰਾਂ ਦੀ ਅੱਗ ’ਚ ਝੁਲਸਣ ਕਾਰਨ ਮੌਤ ਹੋ ਗਈ। ਪੁਲੀਸ ਕਮਿਸ਼ਨਰ ਮਨੋਜ ਲੋਹੀਆ ਨੇ ਦੱਸਿਆ, ‘‘ਵਲੂਜ ਦੇ ਸਨਅਤੀ ਏਰੀਏ ’ਚ ਸਨਸ਼ਾਈਨ ਇੰਟਰਪ੍ਰਾਈਜ਼ਿਜ਼ ’ਚ ਸੂਤੀ ਅਤੇ ਲੈਦਰ ਦੇ ਦਸਤਾਨੇ ਬਣਦੇ ਹਨ ਜਿਸ ’ਚ ਰਾਤ 1.15 ਵਜੇ ਅੱਗ ਲੱਗ ਗਈ।’’ ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਛੇਤੀ ਹੀ ਪਤਾ ਲਗਾ ਲਿਆ ਜਾਵੇਗਾ। -ਪੀਟੀਆਈ