ਮੁੰਬਈ, 10 ਨਵੰਬਰ
ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਨੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ’ਤੇ ਜਾਅਲੀ ਨੋਟਾਂ ਦੀ ਬਰਾਮਦਗੀ ਸਬੰਧੀ ਇੱਕ ਕੇਸ ਨੂੰ ਦਬਾਉਣ ਅਤੇ ਅਪਰਾਧਿਕ ਪਿਛੋਕੜ ਦੇ ਵਿਅਕਤੀਆਂ ਨੂੰ ਸਰਕਾਰੀ ਅਹੁਦਿਆਂ ’ਤੇ ਲਾਉਣ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਸ੍ਰੀ ਫੜਨਵੀਸ ਨੇ ਜਾਰਜ ਬਰਨਾਰਡ ਸ਼ਾਅ ਦੇ ਇੱਕ ਮਸ਼ਹੂਰ ਕਥਨ ਨਾਲ ਇਸ ਦੋਸ਼ ਦਾ ਜੁਆਬ ਦਿੱਤਾ, ਉੱਥੇ ਭਾਜਪਾ ਆਗੂ ਅਸ਼ੀਸ਼ ਸੇਲਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਯੁਕਤ ਲੋਕ ਜਾਂਚ ਦੇ ਘੇਰੇ ’ਚੋਂ ਬਾਹਰ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਦੀ ਪਤਨੀ ਅਮਰੁਤਾ ਫੜਨਵੀਸ ਨੇ ਟਵਿਟਰ ’ਤੇ ਟਵੀਟ ਕਰਦਿਆਂ ਨਵਾਬ ਮਲਿਕ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਮਲਿਕ ਨੂੰ ‘ਬ੍ਰਿਗੇਡ ਨਵਾਬ’ ਆਖਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਇੱਕੋ-ਇੱਕ ਮਕਸਦ ਆਪਣਾ ‘ਕਾਲਾ ਧਨ’ ਅਤੇ ‘ਜਵਾਈ’ ਨੂੰ ਬਚਾਉਣਾ ਹੈ। ਪ੍ਰੈੱਸ ਕਾਨਫਰੰਸ ਮਗਰੋਂ ਨਵਾਬ ਮਲਿਕ ਨੇ ਕਿਹਾ ਕਿ ਅਜੇ ਹੋਰ ਬੰਬ ਸੁੱਟਣੇ ਬਾਕੀ ਹਨ ਤੇ ਉਹ ਭਾਜਪਾ ਖ਼ਿਲਾਫ਼ ਹੋਰ ਖੁਲਾਸੇ ਕਰਨਗੇ। ਇਸ ਪ੍ਰੈੱਸ ਕਾਨਫਰੰਸ ਤੋਂ ਤੁਰੰਤ ਬਾਅਦ ਸ੍ਰੀ ਫੜਨਵੀਸ ਨੇ ਨਾਟਕਕਾਰ ਜਾਰਜ ਬਰਨਾਰਡ ਸ਼ਾਅ ਦਾ ਇੱਕ ਕਥਨ ਲਿਖਦਿਆਂ ਟਵੀਟ ਕੀਤਾ,‘ਮੈਂ ਕਾਫ਼ੀ ਸਮਾਂ ਪਹਿਲਾਂ ਇਹ ਗੱਲ ਸਿੱਖ ਲਈ ਸੀ ਕਿ ਇੱਕ ਮਾੜੇ ਵਿਅਕਤੀ ਦੇ ਗਲ ਨਹੀਂ ਪੈਣਾ ਚਾਹੀਦਾ। ਇਸ ਨਾਲ ਤੁਸੀਂ ਖ਼ੁਦ ਗੰਦੇ ਹੋ ਜਾਵੋਗੇ ਜਦਕਿ ਮਾੜਾ ਵਿਅਕਤੀ ਇਸ ਗੱਲੋਂ ਖੁਸ਼ ਹੋ ਜਾਵੇਗਾ।’ ਬੀਤੇ ਦਿਨ ਸ੍ਰੀ ਮਲਿਕ ਨੇ ਕਿਹਾ ਸੀ ਕਿ ਉਹ ਹਾਈਡ੍ਰੋਜਨ ਬੰਬ ਸੁੱਟਣਗੇ ਤੇ ਫੜਨਵੀਸ ਦੇ ਅੰਡਰਵਰਲਡ ਨਾਲ ਕਥਿਤ ਸਬੰਧਾਂ ਬਾਰੇ ਖੁਲਾਸਾ ਕਰਨਗੇ। -ਪੀਟੀਆਈ