ਮੁੰਬਈ, 16 ਮਈ
ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ’ਤੇ ਤਨਜ਼ ਕਸਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨਾਕਾਮ ਆਗੂ ਲਈ ਢਲਾਣ ਤੋਂ ਉੱਤਰ ਰਹੀ ਗੱਡੀ ਨੂੰ ਬਰੇਕ ਲਾਉਣਾ ਮੁਸ਼ਕਿਲ ਹੈ ਅਤੇ ਅਜਿਹੇ ’ਚ ਹਾਦਸਾ ਵਾਪਰਨਾ ਲਾਜ਼ਮੀ ਹੈ। ਫੜਨਵੀਸ ਨੇ ਬੀਤੇ ਦਿਨ ਮਹਾ ਵਿਕਾਸ ਅਘਾੜੀ ਸਰਕਾਰ ਦਾ ਮੁਕਾਬਲਾ ਬਾਬਰੀ ਮਸਜਿਦ ਢਾਂਚੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਉਦੋਂ ਤੱਕ ਆਰਾਮ ਨਾਲ ਨਹੀਂ ਬੈਠਣਗੇ ਜਦੋਂ ਤੱਕ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਹਟਾ ਨਹੀਂ ਦਿੱਤਾ ਜਾਂਦਾ। ਫੜਨਵੀਸ ਨੇ ਇਹ ਵੀ ਕਿਹਾ ਸੀ ਕਿ ਸ਼ਿਵ ਸੈਨਾ ਦਾ ਮਤਲਬ ਮੁੰਬਈ, ਮਹਾਰਾਸ਼ਟਰ ਜਾਂ ਹਿੰਦੁਤਵ ਨਹੀਂ ਹੈ ਅਤੇ ਕੋਈ ਵੀ ਮੁੰਬਈ ਨੂੰ ਮਹਾਰਾਸ਼ਟਰ ਤੋਂ ਵੱਖ ਨਹੀਂ ਕਰ ਸਕਦਾ ਪਰ ਉਹ ਸ਼ਹਿਰ ਨੂੰ ਭ੍ਰਿਸ਼ਟਾਚਾਰ ਤੇ ਗਲਤ ਕੰਮਾਂ ਤੋਂ ਮੁਕਤ ਕਰਨਾ ਚਾਹੁੰਦੇ ਹਨ। ਸ਼ਿਵ ਸੈਨਾ ਦੇ ਮੁੱਖ ਬੁਲਾਰੇ ਰਾਊਤ ਨੇ ਅੱਜ ਟਵੀਟ ਕੀਤਾ, ‘ਵਿਰੋਧੀ ਧਿਰ ਦੇ ਨਾਕਾਮ ਨੇਤਾ ਲਈ ਢਲਾਣ ਤੋਂ ਉੱਤਰ ਰਹੀ ਗੱਡੀ ਨੂੰ ਬਰੇਕ ਲਾਉਣਾ ਮੁਸ਼ਕਲ ਹੈ। ਅਜਿਹੇ ’ਚ ਹਾਦਸਾ ਵਾਪਰਨਾ ਲਾਜ਼ਮੀ ਹੈ।’
ਦੂਜੇ ਪਾਸੇ ਸ਼ਿਵ ਸੈਨਾ ਦੀ ਵਿਧਾਨ ਪਰਿਸ਼ਦ ਮੈਂਬਰ (ਐੱਮਐੱਲਸੀ) ਤੇ ਪਾਰਟੀ ਦੀ ਤਰਜਮਾਨ ਮਨੀਸ਼ਾ ਕਾਇੰਦੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਲੰਘੇ ਸ਼ਨਿਚਰਵਾਰ ਜਦੋਂ ਰੈਲੀ ਦੌਰਾਨ ਮਹਿੰਗਾਈ ਤੇ ਬੇਰੁਜ਼ਗਾਰੀ ਦਾ ਮੁੱਦਾ ਚੁੱਕਿਆ ਤਾਂ ਫੜਨਵੀਸ ਨੇ ਇਸਨੂੰ ‘ਲਾਫਟਰ ਸ਼ੋਅ’ ਦੱਸਿਆ। ਉਨ੍ਹਾਂ ਸਵਾਲ ਕੀਤਾ, ‘ਕੀ ਇਹ ਤੁਹਾਡਾ ਹਿੰਦੁਤਵ ਹੈ?’ -ਪੀਟੀਆਈ