ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 12 ਅਗਸਤ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਜੀਐੱਸਐੱਲਵੀ ਰਾਕੇਟ ਵੀਰਵਾਰ ਨੂੰ ਧਰਤੀ ਨਿਰੀਖਣ ਉਪਗ੍ਰਹਿ ਈਓਐੱਸ-03 ਨੂੰ ਪੰਧ ਵਿੱਚ ਪਾਉਣ ਵਿੱਚ ਅਸਫਲ ਰਿਹਾ। ਰਾਕੇਟ ਦੇ ਕ੍ਰਾਇਓਜੈਨਿਕ ਪੜਾਅ’ ਵਿੱਚ ਨੁਕਸ ਕਾਰਨ ਮਿਸ਼ਨ ਪੂਰਾ ਨਹੀਂ ਹੋ ਸਕਿਆ। ਇਸਰੋ ਨੇ ਕਿਹਾ ਕਿ ਪਹਿਲੇ ਅਤੇ ਦੂਜੇ ਪੜਾਵਾਂ ਵਿੱਚ ਰਾਕੇਟ ਦੀ ਕਾਰਗੁਜ਼ਾਰੀ ਠੀਕ ਸੀ। ਇਸਰੋ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ 51.70 ਮੀਟਰ ਲੰਬਾ ਰਾਕੇਟ GSLV-F10/EOS-03 ਨੇ ਸ਼੍ਰੀਹਰੀਕੋਟਾ ਦੇ ਦੂਜੇ ਲਾਂਚ ਪੈਡ ਤੋਂ ਸਵੇਰੇ 5:43 ਵਜੇ ਸਫਲਤਾਪੂਰਵਕ ਉਡਾਣ ਭਰੀ। ਇਸ ਨੇ 26 ਘੰਟਿਆਂ ਦੀ ਉਲਟੀ ਗਿਣਤੀ ਖਤਮ ਹੋਣ ਤੋਂ ਤੁਰੰਤ ਬਾਅਦ ਹੀ ਉਡਾਣ ਭਰੀ ਸੀ। ਪਹਿਲੇ ਅਤੇ ਦੂਜੇ ਪੜਾਵਾਂ ਵਿੱਚ ਰਾਕੇਟ ਦੀ ਕਾਰਗੁਜ਼ਾਰੀ ਆਮ ਸੀ।