ਫੈਜ਼ਾਬਾਦ (ਉੱਤਰ ਪ੍ਰਦੇਸ਼), 7 ਨਵੰਬਰ
ਫੈਜ਼ਾਬਾਦ ਜੰਕਸ਼ਨ ਦਾ ਮੁਹਾਂਦਰਾ ਬਦਲ ਗਿਆ ਹੈ। ਇੱਥੋਂ ਦੇ ਪਲੇਟਫਾਰਮਾਂ ’ਤੇ ਪੁਰਾਣੇ ਸਾਈਨ ਬੋਰਡਾਂ ਨੂੰ ਪੇਂਟ ਕਰ ਦਿੱਤਾ ਗਿਆ ਹੈ, ਸਟੇਸ਼ਨ ਦੇ ਅਗਲੇ ਹਿੱਸੇ ਦੇ ਸਿਖਰ ’ਤੇ ਤਿੰਨ ਭਾਸ਼ਾਈ ਸੰਕੇਤ ਹਟਾ ਦਿੱਤੇ ਗਏ ਹਨ ਅਤੇ ਇਸ ਦੇ ਨਵੇਂ ਨਾਮ ‘ਅਯੁੱਧਿਆ ਕੈਂਟ’ ਵਾਲਾ ਬੈਨਰ ਵੀ ਇੱਥੇ ਟੰਗ ਦਿੱਤਾ ਗਿਆ ਹੈ।
ਫੈਜ਼ਾਬਾਦ ਜ਼ਿਲ੍ਹੇ ਦੇ ਅਯੁੱਧਿਆ ਵਿੱਚ 19ਵੀਂ ਸਦੀ ਦੇ ਸਟੇਸ਼ਨ ਦਾ ਨਾਮ ਬਦਲਣ ਸਬੰਧੀ ਹਾਲ ਵਿੱਚ ਚੁੱਕੇ ਗਏ ਕਦਮ ਸਬੰਧੀ ਇਤਿਹਾਸਕਾਰ ਅਤੇ ਸਥਾਨਕ ਨਿਵਾਸੀ ਮਹਿਸੂਸ ਕਰਦੇ ਹਨ ਕਿ ਇਹ, ਇਸ ਇਤਿਹਾਸਕ ਸ਼ਹਿਰ ਦੀ ਪਛਾਣ ਨੂੰ ਮਿਟਾ ਦੇਵੇਗਾ ਅਤੇ ਭੰਬਲਭੂਸਾ ਪੈਦਾ ਕਰੇਗਾ। ਦੂਜੇ ਪਾਸੇ ਇਕ ਹੋਰ ਫਿਰਕੇ ਨੇ ਉਤਰ ਪ੍ਰਦੇਸ਼ ਸਰਕਾਰ ਦੇ ਇਸ ਫ਼ੈਸਲੇ ਦੇ ਸਵਾਗਤ ਕੀਤਾ। ਇਨ੍ਹਾਂ ਵਿੱਚ ਕਈ ਲੋਕਾਂ ਦਾ ਕਹਿਣਾ ਸੀ ਕਿ ਅਯੁੱਧਿਆ ਦਾ ਨਾਮ ਸਾਰੇ ਜਨਤਕ ਸਥਾਨਾਂ ’ਤੇ ਵਰਤਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਭਗਵਾਨ ਰਾਮ ਦੀ ਨਗਰੀ ਹੈ।
ਰਿਕਸ਼ਾ ਚਾਲਕ ਸਾਧੂ ਰਾਮ (55), ਜੋ ਆਮ ਤੌਰ ’ਤੇ ਆਪਣਾ ਰਿਕਸ਼ਾ ਸਟੇਸ਼ਨ ਅੱਗੇ ਖੜ੍ਹਾ ਕਰਦਾ ਹੈ, ਨੇ ਕਿਹਾ ਕਿ ਨਾਮ ਬਦਲਣ ਦੀ ਲੋੜ ਨਹੀਂ ਸੀ। ਅਯੁੱਧਿਆ ਦਾ ਪਹਿਲਾਂ ਹੀ ਸਟੇਸ਼ਨ ਹੈ। ਇਸ ਨਾਲ ਹੁਣ ਯਾਤਰੀਆਂ ’ਚ ਭੰਬਲਭੂਸਾ ਪੈਦਾ ਪਵੇਗਾ। ਇਸ ਤਰ੍ਹਾਂ ਰਾਮ ਨਾਂ ਦਾ ਵਿਅਕਤੀ ਇਸ ਦੁਚਿੱਤੀ ਵਿੱਚ ਫਸਿਆ ਹੋਇਆ ਹੈ ਕਿ ਉਹ ਯਾਤਰੀਆਂ ਨੂੰ ਬੁਲਾਉਣ ਲਈ ਫੈਜ਼ਾਬਾਦ ਆਖੇਗਾ ਜਾਂ ਅਯੁੱਧਿਆ ਕੈਂਟ। ਫੈਜ਼ਾਬਾਦ ਜੰਕਸ਼ਨ ’ਤੇ 2008 ਤੋਂ ਕੁਲੀ ਵਜੋਂ ਕੰਮ ਕਰਦੇ ਰਾਜੇਸ਼ ਕੁਮਾਰ ਵੀ ਸਟੇਸ਼ਨ ਦਾ ਨਾਮ ਬਦਲਣ ’ਤੇ ਪ੍ਰੇਸ਼ਾਨ ਹੈ। ਗੌਰਤਲਬ ਹੈ ਕਿ ਦੀਵਾਲੀ ਮੌਕੇ ਪੁਰਾਣੇ ਸਟੇਸ਼ਨ ਦੇ ਸਾਈਨ ਬੋਰਡਾਂ ’ਤੇ ਪੇਂਟ ਕਰ ਕੇ ‘ਫੈਜ਼ਾਬਾਦ ਜੰਕਸ਼ਨ’ ਦੀ ਥਾਂ ‘ਅਯੁੱਧਿਆ ਕੈਂਟ’ ਦਾ ਨਾਮ ਲਿਖ ਦਿੱਤਾ ਗਿਆ ਸੀ। ਸਟੇਸ਼ਨ ਦੀਆਂ ਕੰਧਾਂ ’ਤੇ ਪੋਸਟਰ ਵੀ ਚਿਪਕਾ ਦਿੱਤੇ ਗਏ ਸਨ ਤਾਂ ਜੋ ਜਨਤਾ ਨੂੰ ਪਤਾ ਲੱਗ ਸਕੇ ਕਿ ਹੁਣ ਤੋਂ ਫੈਜ਼ਾਬਾਦ ਸਟੇਸ਼ਨ ਦਾ ਨਾਂ ਅਯੁੱਧਿਆ ਕੈਂਟ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ। -ਪੀਟੀਆਈ