ਨਵੀਂ ਦਿੱਲੀ, 28 ਜੂਨ
ਸੀਬੀਆਈ ਨੇ 2016 ਵਿੱਚ ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਚਾਰ ਲੱਖ ਵਿਦਿਆਰਥੀਆਂ ਦੇ ਫਰਜ਼ੀ ਦਾਖ਼ਲਿਆਂ ਸਬੰਧੀ ਅੱਜ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 2 ਨਵੰਬਰ 2019 ਨੂੰ ਇਹ ਕੇਸ ਸੀਬੀਆਈ ਨੂੰ ਸੌਂਪਿਆ ਸੀ। ਸੀਬੀਆਈ ਨੇ ਸੁਪਰੀਮ ਕੋਰਟ ’ਚ ਦਾਅਵਾ ਕੀਤਾ ਸੀ ਕਿ ਇਸ ਕੇਸ ਦੀ ਜਾਂਚ ਲਈ ਵੱਧ ਮਨੁੱਖੀ ਸ਼ਕਤੀ ਦੀ ਲੋੜ ਹੈ ਅਤੇ ਇਹ ਕੇਸ ਸੂਬੇ ਦੀ ਪੁਲੀਸ ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਸਿਖਰਲੀ ਅਦਾਲਤ ਵੱਲੋਂ ਹਾਲ ਹੀ ਵਿੱਚ ਪਟੀਸ਼ਨ ਰੱਦ ਕੀਤੇ ਜਾਣ ਮਗਰੋਂ ਸੀਬੀਆਈ ਨੇ ਇਹ ਐੱਫਆਈਆਰ ਦਰਜ ਕੀਤੀ ਹੈ। ਹਾਈ ਕੋਰਟ ਨੂੰ ਸਾਲ 2016 ਵਿੱਚ ਸੂਚਿਤ ਕੀਤਾ ਗਿਆ ਸੀ ਕਿ ਸਰਕਾਰੀ ਸਕੂਲਾਂ ਦੀਆਂ ਵੱਖ-ਵੱਖ ਜਮਾਤਾਂ ਵਿੱਚ 22 ਲੱਖ ਵਿਦਿਆਰਥੀਆਂ ਦੇ ਦਾਖ਼ਲੇ ਦਿਖਾਏ ਗਏ ਸਨ। ਅੰਕੜਿਆਂ ਦੀ ਤਸਦੀਕ ਤੋਂ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ ਸਿਰਫ਼ 18 ਲੱਖ ਵਿਦਿਆਰਥੀ ਹੀ ਪੜ੍ਹ ਰਹੇ ਸਨ, ਜਦੋਂਕਿ ਚਾਰ ਲੱਖ ਦਾਖ਼ਲੇ ਫਰਜ਼ੀ ਸਨ। -ਪੀਟੀਆਈ