ਨਵੀਂ ਦਿੱਲੀ, 25 ਦਸੰਬਰ
ਸੀਬੀਆਈ ਨੇ ਦਿੱਲੀ ਵਿੱਚ ਸਥਿਤ ਬੈਂਕ ਆਫ ਬੜੌਦਾ ਦੀ ਇੱਕ ਸ਼ਾਖਾ ਵਿੱਚੋਂ ਗੈਰਕਾਨੂੰਨੀ ਤੌਰ ’ਤੇ 6,000 ਕਰੋੜ ਰੁਪਏ ਹਾਂਗਕਾਂਗ ਭੇਜਣ ਦੇ ਸਬੰਧ ਵਿੱਚ ਦੋ ਸਪਲੀਮੈਂਟਰੀ ਦੋਸ਼ ਪੱਤਰ ਦਾਖਲ ਕੀਤੇ ਹਨ। ਇਹ ਜਾਣਕਾਰੀ ਸੂਤਰਾਂ ਵੱਲੋਂ ਦਿੱਤੀ ਗਈ ਹੈ। ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ’ਚ ਦਾਖਲ ਚਾਰਜਸ਼ੀਟਾਂ ਵਿੱਚ ਕੇਂਦਰੀ ਏਜੰਸੀ ਨੇ ਦੋਸ਼ ਲਾਇਆ ਹੈ ਕਿ ਕੁਝ ਲੋਕਾਂ ਦੇ ਸਮੂਹ ਨੇ ਖਾਤੇ ਖੋਲ੍ਹੇ ਅਤੇ ਵੱਖ-ਵੱਖ ਹੋਰ ਖਾਤਿਆਂ ਰਾਹੀਂ ਉਨ੍ਹਾਂ ਵਿੱਚ ਫ਼ੰਡ ਜਮ੍ਹਾਂ ਕਰਵਾਏ। ਸੀਬੀਆਈ ਨੇ ਦੋਸ਼ ਪੱਤਰ ਵਿੱਚ ਨੌ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚ ਤਨੁਜ ਗੁਲਾਟੀ, ਇਸ਼ ਕੁਮਾਰ, ਉਜਵਲ ਸੂਰੀ, ਹਨੀ ਗੋਇਲ, ਸਾਹਿਲ ਵਧਵਾ, ਰਾਕੇਸ਼, ਸਾਗਰ ਗੁਲਾਟੀ, ਅਤੇ ਵੀਪੀਸੀ ਮੈਨਜਮੈਂਟ ਕੰਸਲਟੈਂਟ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ। ਸੀਬੀਆਈ ਨੇ ਇਸ ਸਬੰਧ ’ਚ 2015 ਵਿੱਚ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਬੈਂਕ ਆਫ ਬੜੌਦਾ ਦੀ ਸ਼ਾਖਾ ਦੇ ਕਈ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਹ ਕੇਸ ਕਥਿਤ ਤੌਰ ’ਤੇ ਫਰਜ਼ੀ ਆਯਾਤ ਦੇ ਨਾਂ ’ਤੇ 6,000 ਹਜ਼ਾਰ ਕਰੋੜ ਰੁਪਏ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਵਿੱਚ ਭੇਜਣ ਦੇ ਦੋਸ਼ ਹੇਠ ਦਰਜ ਕੀਤਾ ਗਿਆ ਸੀ। -ਪੀਟੀਆਈ