ਜਸਵੰਤ ਜੱਸ
ਫ਼ਰੀਦਕੋਟ, 16 ਜੂਨ
ਉੱਤਰਾਖੰਡ ਦੇ ਹਰਿਦੁਆਰ ਸ਼ਹਿਰ ਵਿੱਚ ਇਸ ਵਰ੍ਹੇ ਕੁੰਭ ਮੇਲੇ ਦੌਰਾਨ ਸਿਹਤ ਵਿਭਾਗ ਨੇ ਕਥਿਤ ਤੌਰ ’ਤੇ ਇੱਕ ਲੱਖ ਵਿਅਕਤੀਆਂ ਦੀਆਂ ਕਰੋਨਾਵਾਇਰਸ ਦੀ ਜਾਂਚ ਸਬੰਧੀ ਫ਼ਰਜ਼ੀ ਰਿਪੋਰਟਾਂ ਤਿਆਰ ਕੀਤੀਆਂ ਸਨ।ਦੱਸਣਯੋਗ ਹੈ ਕਿ ਅਪਰੈਲ ਮਹੀਨੇ ਵਿੱਚ ਜਦੋਂ ਕੁੰਭ ਦਾ ਮੇਲਾ ਮਨਾਇਆ ਗਿਆ ਸੀ ਉਦੋਂ ਦੇਸ਼ ਵਿੱਚ ਕਰੋਨਾ ਦੀ ਦੂਜੀ ਲਹਿਰ ਸਿਖ਼ਰ ’ਤੇ ਸੀ। ਫ਼ਰੀਦਕੋਟ ਦਾ ਵਸਨੀਕ ਵਿਪਨ ਮਿੱਤਲ ਜੋ ਕਦੇ ਕੁੰਭ ਮੇਲੇ ਨਹੀਂ ਗਿਆ, ਨੂੰ ਫੋਨ ਰਾਹੀਂ ਸੁਨੇਹਾ ਮਿਲਿਆ ਕਿ ਉਸ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ। ਮਿੱਤਲ ਨੇ ਇਸ ਸਬੰਧੀ ਫ਼ਰੀਦਕੋਟ ਦੇ ਸਿਹਤ ਵਿਭਾਗ ਨਾਲ ਰਾਬਤਾ ਕਾਇਮ ਕਰ ਕੇ ਦੱਸਿਆ ਕਿ ਉਸ ਨੇ ਕਰੋਨਾ ਜਾਂਚ ਲਈ ਸੈਂਪਲ ਹੀ ਨਹੀਂ ਦਿੱਤਾ ਤਾਂ ਉਸ ਦੀ ਰਿਪੋਰਟ ਕਿਵੇਂ ਆ ਗਈ? ਫ਼ਰੀਦਕੋਟ ਦੇ ਸਿਹਤ ਵਿਭਾਗ ਨੇ ਇਸ ਸਬੰਧੀ ਕੋਈ ਦਿਲਚਸਪੀ ਨਹੀਂ ਦਿਖਾਈ। ਉਪਰੰਤ ਵਿਪਨ ਮਿੱਤਲ ਨੇ ਆਨਲਾਈਨ ਆਪਣੀ ਕਰੋਨਾ ਰਿਪੋਰਟ ਹਾਸਲ ਕਰ ਕੇ ਇਸ ਦੀ ਸ਼ਿਕਾਇਤ ਭਾਰਤੀ ਮੈਡੀਕਲ ਖੋਜ ਸੰਸਥਾ (ਆਈਸੀਐੱਮਆਰ) ਨੂੰ ਕੀਤੀ। ਆਈਸੀਐੱਮਆਰ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਵਿਪਨ ਮਿੱਤਲ ਦੇ ਨਮੂਨੇ ਉੱਤਰਾਖੰਡ ਦੇ ਹਰਿਦੁਆਰ ਸ਼ਹਿਰ ਵਿੱਚ ਲਏ ਦਿਖਾਏ ਗਏ ਹਨ। ਹਰਿਦੁਆਰ ਦੇ ਸਿਹਤ ਵਿਭਾਗ ਨੇ ਕੌਂਸਲ ਦੀ ਹਦਾਇਤ ’ਤੇ ਇਸ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਹਰਿਦੁਆਰ ਵਿੱਚ ਅਜਿਹੇ ਵਿਅਕਤੀਆਂ ਦੇ ਕਰੋਨਾ ਨਮੂਨੇ ਹਾਸਲ ਕੀਤੇ ਦਿਖਾਏ ਗਏ ਹਨ, ਜੋ ਕਦੇ ਹਰਿਦੁਆਰ ਗਏ ਹੀ ਨਹੀਂ ਅਤੇ ਇਨ੍ਹਾਂ ਵਿੱਚ ਪੰਜਾਬ ਤੇ ਰਾਜਸਥਾਨ ਦੇ ਵਿਦਿਆਰਥੀ ਅਤੇ ਆਮ ਲੋਕ ਵੀ ਸ਼ਾਮਲ ਹਨ। ਇਹ ਰਿਪੋਰਟਾਂ ਹਰਿਆਣਾ ਦੀ ਇੱਕ ਲੈਬਾਰਟਰੀ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਦਿਲਚਸਪ ਤੱਥ ਇਹ ਹੈ ਕਿ ਇਸ ਲੈਬਾਰਟਰੀ ਵੱਲੋਂ ਤਿਆਰ ਕੀਤੀਆਂ ਗਈਆਂ ਸਾਰੀਆਂ ਰਿਪੋਰਟਾਂ ਨੈਗੇਟਿਵ ਹੀ ਦਿਖਾਈਆਂ ਗਈਆਂ ਹਨ। ਪੜਤਾਲ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਸੈਂਕੜੇ ਵਿਅਕਤੀਆਂ ਦਾ ਇੱਕੋ ਮੋਬਾਈਲ ਫੋਨ ਨੰਬਰ ਦਿਖਾਇਆ ਗਿਆ ਹੈ। ਇਨ੍ਹਾਂ ਫ਼ਰਜ਼ੀ ਰਿਪੋਰਟਾਂ ਰਾਹੀਂ ਹਰਿਦੁਆਰ ਵਿੱਚ ਕਰੋਨਾ ਦੀ ਵਿਕਾਸ ਦਰ 2.8 ਫੀਸਦ ਦਿਖਾਈ ਗਈ ਹੈ ਜਦੋਂ ਕਿ ਉੱਤਰਾਖੰਡ ਦੇ ਬਾਕੀ 12 ਜ਼ਿਲ੍ਹਿਆਂ ਵਿੱਚ ਕਰੋਨਾ ਦੀ ਵਿਕਾਸ ਦਰ 14.2 ਫ਼ੀਸਦ ਸੀ। ਉੱਤਰਾਖੰਡ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰ ਰੋਜ਼ 50 ਹਜ਼ਾਰ ਨਮੂਨੇ ਲੈਣ ਦੀ ਮੁਹਿੰਮ ਚਲਾਈ ਸੀ। ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇੱਕ ਲੱਖ ਵਿਅਕਤੀਆਂ ਦਾ ਡਾਟਾ ਕਥਿਤ ਤੌਰ ’ਤੇ ਚੋਰੀ ਕਰ ਕੇ ਇਹ ਫ਼ਰਜ਼ੀ ਰਿਪੋਰਟਾਂ ਤਿਆਰ ਹੋਈਆਂ ਸਨ। ਮਿੱਤਲ ਨੇ ਕਿਹਾ ਕਿ ਜਦੋਂ ਉਸ ਨੂੰ ਇਸ ਫ਼ਰਜ਼ੀਵਾੜੇ ਦਾ ਸ਼ੱਕ ਹੋਇਆ ਤਾਂ ਉਸ ਨੇ ਭਾਰਤੀ ਮੈਡੀਕਲ ਖੋਜ ਕੌਂਸਲ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਇਹ ਸਮੁੱਚੀ ਜਾਅਲਸਾਜ਼ੀ ਸਾਹਮਣੇ ਆਈ।