ਨਵੀਂ ਦਿੱਲੀ, 6 ਅਪਰੈਲ
ਮੁੱਖ ਅੰਸ਼
- ਖੇਤੀ ਕਾਨੂੰਨਾਂ ਅਤੇ ਸੀਏਏ ਸਮੇਤ ਸਰਕਾਰ ਦੇ ਹੋਰ ਫ਼ੈਸਲਿਆਂ ਬਾਰੇ ਝੂਠ ਫੈਲਾਉਣ ਦਾ ਦੋਸ਼
- ਭਾਜਪਾ ਦੇ 41ਵੇਂ ਸਥਾਪਨਾ ਦਿਵਸ ’ਤੇ ਪਾਰਟੀ ਆਗੂਆਂ ਨੂੰ ਕੀਤਾ ਸੰਬੋਧਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ’ਚ ਸਿਆਸੀ ਅਸਥਿਰਤਾ ਪੈਦਾ ਕਰਨ ਲਈ ਵੱਡੀ ਸਾਜ਼ਿਸ਼ ਤਹਿਤ ਉਨ੍ਹਾਂ ਦੀ ਸਰਕਾਰ ਬਾਰੇ ‘ਝੂਠਾ ਬਿਰਤਾਂਤ’ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਭਾਜਪਾ ਮੈਂਬਰਾਂ ਨੂੰ ਕਿਹਾ ਕਿ ਉਹ ਇਸ ਬਾਰੇ ਲੋਕਾਂ ’ਚ ਜਾਗਰੂਕਤਾ ਫੈਲਾਉਣ। ਭਾਜਪਾ ਦੇ 41ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ,‘‘ਕੁਝ ਵਿਅਕਤੀਆਂ ਅਤੇ ਜਥੇਬੰਦੀਆਂ ਵੱਲੋਂ ਇਹ ਝੂਠ ਫੈਲਾਇਆ ਜਾ ਰਿਹਾ ਹੈ ਕਿ ਕਿਸਾਨਾਂ ਦੀ ਜ਼ਮੀਨ ਖੋਹ ਲਈ ਜਾਵੇਗੀ। ਕੁਝ ਲੋਕਾਂ ਦੀ ਨਾਗਰਿਕਤਾ ਰੱਦ ਕੀਤੀ ਜਾਵੇਗੀ। ਰਾਖਵਾਂਕਰਨ ਖ਼ਤਮ ਕਰ ਦਿੱਤਾ ਜਾਵੇਗਾ ਜਾਂ ਸੰਵਿਧਾਨ ਨੂੰ ਬਦਲ ਦਿੱਤਾ ਜਾਵੇਗਾ। ਇਹ ਝੂਠਾ ਬਿਰਤਾਂਤ ਸਾਡੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ, ਨਾਗਰਿਕਤਾ ਸੋਧ ਐਕਟ ਅਤੇ ਕਿਰਤ ਕਾਨੂੰਨਾਂ ਵਰਗੇ ਉਠਾਏ ਗਏ ਕਦਮਾਂ ਨੂੰ ਲੈ ਕੇ ਫੈਲਾਇਆ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਜਾਣ ਬੁੱਝ ਕੇ ਅਜਿਹੀ ਸਿਆਸਤ ਕੀਤੀ ਜਾ ਰਹੀ ਹੈ। ‘ਇਹ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਤਾਂ ਜੋ ਗਲਤ ਧਾਰਨਾਵਾਂ ਅਤੇ ਕਾਲਪਨਿਕ ਖੌਫ਼ ਪੈਦਾ ਕਰ ਕੇ ਮੁਲਕ ’ਚ ਸਿਆਸੀ ਅਸਥਿਰਤਾ ਪੈਦਾ ਕੀਤੀ ਜਾ ਸਕੇ।’
ਉਨ੍ਹਾਂ ਪਾਰਟੀ ਮੈਂਬਰਾਂ ਨੂੰ ਇਸ ਬਾਰੇ ਚੌਕਸ ਰਹਿੰਦਿਆਂ ਲੋਕਾਂ ’ਚ ਜਾਗਰੂਕਤਾ ਫੈਲਾਉਣ ਲਈ ਕਿਹਾ। ਸ੍ਰੀ ਮੋਦੀ ਨੇ ਭਾਜਪਾ ਨੂੰ ‘ਚੋਣ ਜਿੱਤਣ ਵਾਲੀ ਮਸ਼ੀਨ’ ਆਖਣ ਵਾਲਿਆਂ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ’ਤੇ ਦੋਗਲੇ ਰਵੱਈਆ ਅਪਣਾਉਣ ਦੇ ਦੋਸ਼ ਲਾਏ ਅਤੇ ਕਿਹਾ ਕਿ ਜਦੋਂ ਵਿਰੋਧੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਜਿੱਤਦੇ ਹਨ ਤਾਂ ਇਸ ਦਾ ਜਸ਼ਨ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਭਾਰਤੀ ਲੋਕਾਂ ਅਤੇ ਲੋਕਤੰਤਰ ਦੀ ਪਰਿਪੱਕਤਾ ਨੂੰ ਸਮਝਦੇ ਨਹੀਂ ਹਨ ਅਤੇ ਨਾ ਹੀ ਉਹ ਲੋਕਾਂ ਦੀਆਂ ਆਸ਼ਾਵਾਂ, ਖਾਹਿਸ਼ਾਂ ਅਤੇ ਸੁਪਨਿਆਂ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹਾਸ਼ੀਏ ’ਤੇ ਧੱਕੇ ਲੋਕਾਂ ਲਈ ਭਲਾਈ ਯੋਜਨਾਵਾਂ ਸ਼ੁਰੂ ਹੋਣ ਕਰਕੇ ਗਰੀਬਾਂ ਅਤੇ ਪਿੰਡਾਂ ਦੇ ਲੋਕਾਂ ਨੇ ਭਾਜਪਾ ਦਾ ਲੜ ਫੜਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਭਾਵੇਂ ਸਰਕਾਰ ’ਚ ਹੋਵੇ ਜਾਂ ਸੱਤਾ ਤੋਂ ਬਾਹਰ, ਉਹ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਕੇ ਉਨ੍ਹਾਂ ਦੇ ਦਿਲ ਜਿੱਤਦੀ ਆ ਰਹੀ ਹੈ। ਇਸ ਦੌਰਾਨ ਭਾਜਪਾ ਪ੍ਰਧਾਨ ਜੇ ਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਏ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ਹੇਠ ਹੋਰ ਮੁਲਕਾਂ ’ਚ ਭਾਰਤ ਦਾ ਆਤਮ ਸਨਮਾਨ ਵਧਿਆ ਹੈ। -ਪੀਟੀਆਈ