ਨਵੀਂ ਦਿੱਲੀ: ਮਸ਼ਹੂਰ ਉਰਦੂ ਸ਼ਾਇਰ ਤੇ ਆਲੋਚਕ ਸ਼ਮਸੁਰ ਰਹਿਮਾਨ ਫਾਰੂਕੀ ਦਾ ਅੱਜ ਅਲਾਹਾਬਾਦ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਉਹ ਇੱਕ ਮਹੀਨਾ ਪਹਿਲਾਂ ਹੀ ਕਰੋਨਾਵਾਇਰਸ ਤੋਂ ਉੱਭਰੇ ਸਨ। ਫਾਰੂਕੀ ਦੇ ਰਿਸ਼ਤੇਦਾਰ ਤੇ ਲੇਖਕ ਮਹਿਮੂਦ ਫਾਰੂਕੀ ਨੇ ਦੱਸਿਆ, ‘ਉਹ ਅਲਾਹਾਬਾਦ ਸਥਿਤ ਆਪਣੇ ਘਰ ਜਾਣ ਦੀ ਜ਼ਿੱਦ ਕਰ ਰਹੇ ਸੀ। ਅਸੀਂ ਅੱਜ ਸਵੇਰੇ ਹੀ ਇੱਥੇ ਪਹੁੰਚੇ ਅਤੇ ਤਕਰੀਬਨ ਅੱਧੇ ਘੰਟੇ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।’ ਕਰੋਨਾ ਤੋਂ ਠੀਕ ਹੋਣ ਮਗਰੋਂ ਉਨ੍ਹਾਂ ਨੂੰ ਦਿੱਲੀ ਸਥਿਤ ਹਸਪਤਾਲ ਤੋਂ 23 ਨਵੰਬਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਦੀ ਦੇਹ ਅੱਜ ਸ਼ਾਮ ਅਲਾਹਾਬਾਦ ਦੇ ਅਸ਼ੋਕ ਨਗਰ ਸਥਿਤ ਕਬਰਿਸਤਾਨ ’ਚ ਸਪੁਰਦੇ ਖਾਕ ਕਰ ਦਿੱਤੀ ਗਈ।
-ਪੀਟੀਆਈ