ਚਰਨਜੀਤ ਭੁੱਲਰ
ਚੰਡੀਗੜ੍ਹ, 13 ਜੂਨ
ਖੇਤੀ ਮਹਿਕਮੇ ਨੇ ਐਤਕੀਂ ‘ਤਾਲਾਬੰਦੀ’ ਦਾ ਲਾਹਾ ਲੈ ਕੇ ਖੇਤ ਨਰਮੇ ਨਾਲ ਲੱਦ ਦਿੱਤੇ ਹਨ। ਮਹਿਕਮੇ ਨੇ ਨਰਮੇ ਹੇਠ ਵੱਧ ਰਕਬਾ ਦਿਖਾਉਣ ਲਈ ਨਵੀਂ ਤਰਕੀਬ ਘੜੀ ਹੈ। ਭੱਲ ਖੱਟਣ ਲਈ ਅਤੇ ਖੇਤੀ ਵਿਭਿੰਨਤਾ ਦੇ ਅੱਛੇ ਦਿਨ ਦਿਖਾਉਣ ਲਈ ‘ਤਾਲਾਬੰਦੀ’ ਦਾ ਫੰਡਾ ਵਰਤਿਆ ਹੈ। ਦੋ ਵਰ੍ਹਿਆਂ ਤੋਂ ਖੇਤੀ ਮਹਿਕਮਾ ਏਦਾਂ ਹੀ ਨਰਮੇ ਹੇਠਲਾ ਰਕਬਾ ਵਧਾ ਕੇ ਦਿਖਾ ਰਿਹਾ ਹੈ। ਬੀਜ ਕੰਪਨੀਆਂ ਅਤੇ ਖੇਤੀ ਮਹਿਕਮੇ ਦੇ ਅੰਕੜੇ ਮੇਲ ਨਹੀਂ ਖਾ ਰਹੇ ਹਨ, ਜਿਸ ਦੇ ਤੋੜ ਵਜੋਂ ਨਵਾਂ ਰਾਹ ਕੱਢਿਆ ਹੈ। ਖੇਤੀ ਮਹਿਕਮਾ ਪੰਜਾਬ ਅਨੁਸਾਰ ਪੰਜਾਬ ਵਿਚ ਹੁਣ ਤੱਕ 5 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਹੋ ਚੁੱਕੀ ਹੈ ਜੋ ਪਿਛਲੇ ਵਰ੍ਹੇ ਨਾਲੋਂ ਇੱਕ ਲੱਖ ਹੈਕਟੇਅਰ ਜ਼ਿਆਦਾ ਹੈ। ਮਾਹਿਰਾਂ ਅਨੁਸਾਰ ਪੰਜਾਬ ਵਿਚ ਪੰਜ ਲੱਖ ਹੈਕਟੇਅਰ ਦੀ ਬਿਜਾਂਦ ਲਈ 25 ਲੱਖ ਬੀਜ ਪੈਕੇਟਾਂ ਦੀ ਵਿਕਰੀ ਹੋਣੀ ਚਾਹੀਦੀ ਹੈ। ਬੀਜ ਕੰਪਨੀਆਂ ਅਨੁਸਾਰ ਪੰਜਾਬ ਵਿਚ ਸਿਰਫ 16.50 ਲੱਖ ਪੈਕੇਟ ਬੀਜਾਂ ਦੀ ਵਿਕਰੀ ਹੋਈ ਹੈ। ਇਨ੍ਹਾਂ 16.50 ਲੱਖ ਪੈਕੇਟਾਂ ਦੇ ਹਿਸਾਬ ਨਾਲ ਪੰਜਾਬ ’ਚ 3.30 ਲੱਖ ਹੈਕਟੇਅਰ ਨਰਮੇ ਦੀ ਬਿਜਾਂਦ ਹੋਈ ਹੈ। ਖੇਤੀ ਮਾਹਿਰ ਦੱਸਦੇ ਹਨ ਕਿ ਆਮ ਤੌਰ ’ਤੇ ਕਿਸਾਨ ਪ੍ਰਤੀ ਏਕੜ ਵਿੱਚ ਢਾਈ ਪੈਕੇਟ ਬੀਜ ਪਾਉਂਦੇ ਹਨ। ਖੇਤੀ ’ਵਰਸਿਟੀ ਦੀ ਸਿਫਾਰਸ਼ ਮੁਤਾਬਿਕ ਦੇਖੀਏ ਤਾਂ ਪ੍ਰਤੀ ਏਕੜ ਪਿਛੇ ਦੋ ਪੈਕੇਟ ਬੀਜ ਪੈਂਦੇ ਹਨ। ਇਸ ਲਿਹਾਜ ਨਾਲ ਰਕਬਾ 3.30 ਲੱਖ ਹੈਕਟੇਅਰ ਹੀ ਬਣਦਾ ਹੈ। ਬੀਜ ਕੰਪਨੀਆਂ ਮੁਤਾਬਿਕ ਪੰਜਾਬ ਵਿਚ ਕਰੀਬ 5 ਕੁ ਫੀਸਦੀ ਰਕਬੇ ਵਿਚ ਵਾਧਾ ਹੋਇਆ ਹੈ। ਵੇਰਵਿਆਂ ਅਨੁਸਾਰ ਰਾਸ਼ੀ ਕੰਪਨੀ ਨੇ ਪੰਜਾਬ ’ਚ 11.85 ਲੱਖ ਪੈਕੇਟ, ਯੂ.ਐੱਸ. ਐਗਰੀ ਸੀਡਜ਼ ਨੇ 1.70 ਲੱਖ ੈਕੇਟ, ਨੂਜ਼ੀਵੀਡੂ ਨੇ 1.20 ਲੱਖ ਪੈਕੇਟ, ਬਾਯਰ ਨੇ 60 ਹਜ਼ਾਰ ਪੈਕੇਟ ਬੀਜਾਂ ਦੀ ਵਿਕਰੀ ਕੀਤੀ ਹੈ। ਬਾਕੀ ਦਸ ਕੁ ਕੰਪਨੀਆਂ ਬਚੀਆਂ ਹਨ ਜਿਨ੍ਹਾਂ ’ਚੋਂ ਕਿਸੇ ਵੀ ਕੰਪਨੀ ਦੀ ਵਿਕਰੀ 10 ਹਜ਼ਾਰ ਪੈਕੇਟਾਂ ਤੋਂ ਜ਼ਿਆਦਾ ਦੀ ਨਹੀਂ ਹੈ। ਸੂਤਰ ਦੱਸਦੇ ਹਨ ਕਿ ਪਿਛਲੇ ਵਰ੍ਹੇ ਪੰਜਾਬ ‘ਚ ਅਸਲ ਵਿੱਚ ਨਰਮੇ ਹੇਠ ਰਕਬਾ 2.60 ਲੱਖ ਹੈਕਟੇਅਰ ਸੀ ਪਰ ਮਹਿਕਮੇ ਨੇ ਕਾਗਜ਼ਾਂ ਵਿਚ 4 ਲੱਖ ਹੈਕਟੇਅਰ ਦੀ ਬਿਜਾਂਦ ਦਿਖਾਈ ਸੀ। ਖੇਤੀ ਮਹਿਕਮੇ ਦਾ ਤਰਕ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਕਰਫਿਊ ਲੱਗਣ ਕਰਕੇ ਐਤਕੀਂ ਹਰਿਆਣਾ ਅਤੇ ਰਾਜਸਥਾਨ ’ਚੋਂ 7.50 ਲੱਖ ਪੈਕੇਟ ਬੀਜ ਲਿਆਂਦਾ ਹੈ। ਇਸ ਨੂੰ ਵੀ ਸੱਚ ਮੰਨ ਲਈਏ ਤਾਂ ਫਿਰ ਵੀ ਇੱਕ ਲੱਖ ਪੈਕੇਟ ਦਾ ਖੱਪਾ ਹੈ। ਇੱਕ ਲੱਖ ਪੈਕੇਟ ਬੀਜ ਕਿਥੋਂ ਆਇਆ। ਕਿਤੇ ਕੋਈ ਨਵਾਂ ਬੀਜ ਘਪਲਾ ਤਾਂ ਨਹੀਂ ਹੋ ਰਿਹਾ ਹੈ। ਖੇਤੀ ਅਧਿਕਾਰੀਆਂ ਕੋਲ ਕੋਈ ਰਿਕਾਰਡ ਨਹੀਂ ਹੈ ਕਿ ਹਰਿਆਣਾ ਅਤੇ ਰਾਜਸਥਾਨ ’ਚੋਂ ਕਿਹੜੇ ਕਿਹੜੇ ਕਿਸਾਨ ਕਿੰਨਾ ਕਿੰਨਾ ਬੀਜ ਲੈ ਕੇ ਆਏ ਹਨ। ਬੀਕੇਯੂ (ਉਗਰਾਹਾਂ) ਫਾਜ਼ਿਲਕਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਮੰਦਰ ਸਿੰਘ ਨੇ ਚੁਣੌਤੀ ਦਿੱਤੀ ਹੈ ਕਿ ਮਹਿਕਮਾ ਰਾਜਸਥਾਨ ’ਚੋਂ ਬੀਜ ਲਿਆਉਣ ਵਾਲੇ ਕਿਸਾਨਾਂ ਦੀ ਸੂਚੀ ਦੇਵੇ। ਉਲਟਾ ਰਾਜਸਥਾਨ ਦੇ ਕਿਸਾਨ ਤਾਂ ਪੰਜਾਬ ’ਚੋਂ ਬੀਜ ਲੈ ਕੇ ਜਾਂਦੇ ਹਨ ਕਿਉਂਕਿ ਰਾਜਸਥਾਨ ਵਿੱਚ ਬੀਟੀ ਬੀਜ ਨੂੰ ਲੇਟ ਪ੍ਰਵਾਨਗੀ ਮਿਲਦੀ ਹੈ। ਉਸ ਕੋਲ ਸਬੂਤ ਹਨ ਜੋ ਰਾਜਸਥਾਨੀ ਕਿਸਾਨ ਪੰਜਾਬ ’ਚੋਂ ਬੀਜ ਲੈ ਕੇ ਗਏ ਹਨ। ਉਨ੍ਹਾਂ ਕਿਹਾ ਕਿ ਮਹਿਕਮਾ ਕਾਗਜ਼ਾਂ ’ਚ ਰਕਬਾ ਵਧਾ ਕੇ ਫੋਕੀ ਵਾਹ ਵਾਹ ਖੱਟ ਰਿਹਾ ਹੈ।
ਬਾਹਰੋਂ ਆਏ ਬੀਜ ਦਾ ਐਸਟੀਮੇਟ ਲਾਇਆ: ਡਾਇਰੈਕਟਰ
ਖੇਤੀ ਮਹਿਕਮੇ ਦੇ ਡਾਇਰੈਕਟਰ ਡਾ. ਸੁਤੰਤਰ ਐਰੀ ਦਾ ਕਹਿਣਾ ਸੀ ਕਿ ਹੁਣ ਤੱਕ ਪੰਜਾਬ ਵਿੱਚ ਕਰੀਬ 5 ਲੱਖ ਹੈਕਟੇਅਰ ਰਕਬੇ ਵਿੱਚ ਬਿਜਾਂਦ ਹੋ ਚੁੱਕੀ ਹੈ। ਉਨ੍ਹਾਂ ਤਰਕ ਦਿੱਤਾ ਕਿ ਐਤਕੀਂ ਕਿਸਾਨ ਕਰਫਿਊ ਕਰਕੇ ਹਰਿਆਣਾ ਤੇ ਰਾਜਸਥਾਨ ’ਚੋਂ 7.50 ਲੱਖ ਪੈਕੇਟ ਬੀਜ ਲੈ ਆਏ ਹਨ। ਜਦੋਂ ਬਾਹਰੋਂ ਆਏ ਬੀਜ ਪੈਕੇਟਾਂ ਦੀ ਗਿਣਤੀ ਦੇ ਪੈਮਾਨੇ ਬਾਰੇ ਪੁੱਛਿਆ ਤਾਂ ਡਾਇਰੈਕਟਰ ਨੇ ਕਿਹਾ ਕਿ ਮਹਿਕਮੇ ਤਰਫੋਂ ਐਸਟੀਮੇਟ ਲਾਇਆ ਗਿਆ ਹੈ, ਜਿਸ ਹਿਸਾਬ ਨਾਲ 7.50 ਲੱਖ ਪੈਕੇਟ ਬਾਹਰੋਂ ਆਇਆ ਬਣਦਾ ਹੈ। ਮਾਨਸਾ ਤੇ ਫਾਜ਼ਿਲਕਾ ਦੇ ਕਿਸਾਨ ਗੁਆਂਢੀ ਸੂਬਿਆਂ ’ਚੋਂ ਬੀਜ ਲੈ ਕੇ ਆਏ ਹਨ।